ਕਿਹਾ – ਜਿਸਨੇ ਆਪਣੀ ਮਾਂ ਪਾਰਟੀ ਨੂੰ ਨਹੀਂ ਬਖਸ਼ਿਆ, ਕੀ? ਉਹ ਭਰਤੀ ਕਰਕੇ ਪੰਜਾਬੀਆਂ ਨਾਲ ਗਦਾਰੀ ਨਹੀਂ ਕਰੇਗਾ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਹਿਤ ਪੰਥਕ ਧਿਰਾਂ ਨੂੰ ਮਨਪ੍ਰੀਤ ਸਿੰਘ ਇਯਾਲੀ ਵਰਗੇ ਮੌਕਾਪ੍ਰਸਤ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਓਂਕਿ ਜਿਸਨੇ ਆਪਣੀ ਮਾਂ ਪਾਰਟੀ ਨੂੰ ਨਹੀਂ ਬਖਸ਼ਿਆ, ਕੀ? ਉਹ ਭਰਤੀ ਕਰਕੇ ਪੰਜਾਬੀਆਂ ਨਾਲ ਗਦਾਰੀ ਨਹੀਂ ਕਰੇਗਾ।
ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਮਨਪ੍ਰੀਤ ਸਿੰਘ ਇਯਾਲੀ ਅਤੇ ਉਸਦੇ ਸਾਥੀ ਜਿਹੜੇ ਅੱਜ ਤੱਕ ਸ. ਸੁਖਬੀਰ ਸਿੰਘ ਬਾਦਲ ਦੀ ਛਤਰ ਛਾਇਆ ਹੇਠ ਵਜ਼ੀਰੀਆਂ ਅਤੇ ਸਰਦਾਰੀਆਂ ਦਾ ਅਨੰਦ ਤਾਂ ਲੈਂਦੇ ਰਹੇ ਐਪਰ ਮੌਕਾ ਪਾ ਕੇ ਇਹ ਸਾਰਾ ਲਾਣਾ ਵਿਰੋਧੀ ਪਾਰਟੀਆਂ ਦੀ ਬੋਲੀ ਬੋਲਣ ਲੱਗ ਪਿਆ ਹੈ। ਸ. ਭੱਟੀ ਨੇ ਕਿਹਾ ਕਿ ਸ਼ਰਮ ਆਉਂਦੀ ਹੈ ਇਹੋ ਜਿਹੇ ਮੌਕਾਪ੍ਰਸਤ ਲੋਕਾਂ ਦੇ ਨਾਮ ਲਿਖਣ ਤੇ ਵੀ, ਐਪਰ ਕੀ ਕਰੀਏ ਲੋਕਾਂ ਸਾਹਮਣੇ ਸਚਾਈ ਲਿਆਉਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਇਨ੍ਹਾਂ ਲੋਕਾਂ ਨੇ, ਪਾਰਟੀ ਵੱਲੋਂ ਕੀਤੀ ਜਾ ਰਹੀ ਭਰਤੀ ਦੇ ਬਰਾਬਰ, ਭਰਤੀ ਖੋਲ ਦਿੱਤੀ ਹੈ, ਜਿਸਨੂੰ ਬ੍ਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਇਹਨਾਂ ਮੌਕਾਪ੍ਰਸਤ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਕਿਓਂਕਿ ਉਹ ਸ. ਸੁਖਬੀਰ ਸਿੰਘ ਬਾਦਲ ਦੀ ਹੀ ਅਗਵਾਈ ਵਿੱਚ ਪਾਰਟੀ ਦਾ ਉਜਵਲ ਭਵਿੱਖ ਵੇਖਦੇ ਹਨ।
ਗੌਰਤਲਬ ਹੈ ਕਿ ਬੀਤੇ ਦਿਨੀਂ ਮਨਪ੍ਰੀਤ ਸਿੰਘ ਇਯਾਲੀ ਨੂੰ ਵੱਡਾ ਝਟਕਾ ਦਿੰਦਿਆ ਦਾਖਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਸੀ। ਦਾਖਾ ਹਲਕੇ ਦੇ ਵੱਡੀ ਗਿਣਤੀ ਵਿਚ ਸਰਕਲ ਜਥੇਦਾਰਾਂ, ਚੇਅਰਮੈਨ, ਸਰਪੰਚਾਂ, ਵੱਖ-ਵੱਖ ਵਿੰਗਾਂ, ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨੇ ਪਿੰਡ ਬਾਦਲ ਵਿਖੇ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ ਅਤੇ ਸਪਸ਼ਟ ਕੀਤਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜ੍ਹੇ ਹਨ ਅਤੇ ਕਦੇ ਵੀ ਮਨਪ੍ਰੀਤ ਸਿੰਘ ਇਯਾਲੀ ਵਾਲੇ ਧੜੇ ਦੇ ਨਾਲ ਨਹੀਂ ਜਾਣਗੇ।





























