
ਜਲੰਧਰ, ਐਚ ਐਸ ਚਾਵਲਾ। ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ ਰਵੀ ਦਾਰਾ ਦੀ ਅਗਵਾਈ ਵਿੱਚ 2 ਰੋਜ਼ਾ ਜ਼ਿਲ੍ਹਾ ਪੱਧਰੀ ਸਿਖ਼ਲਾਈ ਵਰਕਸ਼ਾਪ ਸਥਾਨਕ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਲਗਾਈ ਗਈ।
ਇਸ ਵਰਕਸ਼ਾਪ ਵਿੱਚ ਜੰਗਲਾਤ, ਖੇਤੀਬਾੜੀ ਅਤੇ ਸਿਹਤ ਵਿਭਾਗ ਆਦਿ ਸਮੇਤ ਵੱਖ-ਵੱਖ ਵਿਸ਼ਾ ਮਾਹਰਾਂ ਵੱਲੋਂ ਆਪੋ-ਆਪਣੇ ਵਿਸ਼ਾ ਸਬੰਧੀ ਜਾਣਕਾਰੀ ਦਿੱਤੀ ਗਈ।
ਸਹਾਇਕ ਡਾਇਰੈਕਟਰ ਰਵੀ ਦਾਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਕਰਨ ਹਿੱਤ ਇਹ ਵਰਕਸ਼ਾਪ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਯੂਥ ਪਾਲਿਸੀ-2024 ਅਨੁਸਾਰ ਬਿਹਤਰੀਨ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਲਈ ਜਾਗਰੂਕਤਾ ਹਿੱਤ ਇਹ ਵਰਕਸ਼ਾਪ ਕਰਵਾਈ ਗਈ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦਲਵਿੰਦਰ ਸਿੰਘ ਨੇ ਕਲੱਬਾਂ ਦੇ ਮੈਂਬਰਾਂ ਨੂੰ ਕਲੱਬਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾਉਣ ਲਈ ਕਿਹਾ ਤਾਂ ਜੋ ਸਮਾਜ ਮਜ਼ਬੂਤ ਹੋ ਸਕੇ। ਵਰਕਸ਼ਾਪ ਦੇ ਪਹਿਲੇ ਦਿਨ ਖੇਤੀਬਾੜੀ ਅਫ਼ਸਰ ਪ੍ਰਵੀਨ ਕੁਮਾਰੀ ਨੇ ਆਰਗੈਨਿਕ ਖੇਤੀ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ।
ਫਾਰੈਸਟ ਰੇਂਜਰ ਹਰਗੁਨਨੇਕ ਸਿੰਘ ਰੰਧਾਵਾ ਨੇ ਜੰਗਲਾਤ ਏਰੀਆ ਵਧਾਉਣ ਅਤੇ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਪਾਲਣ ਪੋਸ਼ਣ, ਬੂਟਿਆਂ ਦੀ ਮੁਫ਼ਤ ਉਪਲੱਬਧਤਾ ਆਦਿ ਸਬੰਧੀ ਜਾਣਕਾਰੀ ਦਿੱਤੀ।
ਵਰਕਸ਼ਾਪ ਦੇ ਦੂਜੇ ਦਿਨ ਡਾ. ਰੋਹਿਤ ਭਨੌਟ ਨੇ ਅੱਖਾਂ ਦੇ ਇਲਾਜ ਅਤੇ ਜਾਂਚ ਕੈਂਪ ਸਬੰਧੀ ਚਾਨਣਾ ਪਾਉਣ ਤੋਂ ਇਲਾਵਾ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਵਿੱਚ 40 ਕਲੱਬਾਂ ਦੇ 50 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ । ਇਸ ਮੌਕੇ ਸਮਾਗਮ ਦੇ ਨੋਡਲ ਇੰਚਾਰਜ ਸਤਪਾਲ ਸਿੰਘ ਅਤੇ ਸਾਰਾ ਸਟਾਫ ਮੌਜੂਦ ਸੀ।
















