ਦੇਸ਼ਦੁਨੀਆਂਪੰਜਾਬ

ਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾਵਾਂ/ਡੀਲਰਾਂ ਦੀਆਂ ਦੁਕਾਨਾਂ ਤੇ ਗੁਦਾਮਾਂ ਦੀ ਚੈਕਿੰਗ ਜਾਰੀ

ਵੱਖ-ਵੱਖ ਖਾਦਾਂ ਦੇ 10 ਸੈਂਪਲ ਭਰੇ , ਖਾਦ ਵਿਕਰੇਤਾਵਾਂ ਨੂੰ ਖਾਦਾਂ ਦੀ ਬੇਲੋੜੀ ਸਟੋਰੇਜ ਨਾ ਕਰਨ ਦੀਆਂ ਹਦਾਇਤਾਂ

ਜਲੰਧਰ, ਐਚ ਐਸ ਚਾਵਲਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜਲੰਧਰ ਪੱਛਮੀ ਬਲਾਕ ਵਿਖੇ ਖਾਦ ਵਿਕਰੇਤਾਵਾਂ/ਡੀਲਰਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਣਕ ਅਤੇ ਆਲੂ ਦੀ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਖਾਦਾਂ ਦੇ 10 ਸੈਂਪਲ ਭਰੇ ਗਏ।

ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਡੀ.ਏ.ਪੀ. ਅਤੇ ਹੋਰ ਲੋੜੀਂਦੀਆਂ ਖਾਦਾਂ ਜ਼ਰੂਰਤ ਅਨੁਸਾਰ ਮਿਲਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਦੇ ਲਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਵੱਖ-ਵੱਖ ਬਲਾਕਾਂ ਵਿੱਚ ਲਗਾਤਾਰ ਖਾਦ ਸਟੋਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖਾਦਾਂ ਦੇ ਨਾਲ ਕੋਈ ਹੋਰ ਦਵਾਈ ਜਬਰੀ ਨਾ ਦਿੱਤੀ ਜਾਵੇ।

ਡਾ. ਰਣਧੀਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਖਾਦ ਵਿਕਰੇਤਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਖਾਦਾਂ ਦੀ ਬੇਲੋੜੀ ਸਟੋਰੇਜ ਨਾ ਕੀਤੀ ਜਾਵੇ, ਖਾਦਾਂ, ਬੀਜਾਂ ਅਤੇ ਰਸਾਇਣਾਂ ਦੀ ਵਿਕਰੀ ਨਿਰਧਾਰਤ ਰੇਟਾਂ ’ਤੇ ਕੀਤੀ ਜਾਵੇ, ਕਿਸੇ ਵੀ ਵਸਤੂ ਦੀ ਨਾਲ ਟੈਗਿੰਗ ਨਾ ਕੀਤੀ ਜਾਵੇ ਅਤੇ ਵਿਕਰੀ ਕੀਤੀ ਵਸਤੂ ਦਾ ਕਿਸਾਨਾਂ ਨੂੰ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ। ਇਸ ਤੋਂ ਇਲਾਵਾ ਖਾਦ ਦਾ ਸਟਾਕ ਅਤੇ ਕੀਮਤ ਰੋਜ਼ਾਨਾ ਸਟਾਕ ਬੋਰਡ ’ਤੇ ਲਿਖਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਕਿਸਾਨਾਂ ਨੂੰ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਖੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ֹ’ਤੇ ਆਪਣੀ ਨਿਰਭਰਤਾ ਘਟਾਉਣ ਲਈ ਇਸਦੇ ਬਦਲਾਂ ਨੂੰ ਅਪਨਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਟ੍ਰਿਪਲ ਸੁਪਰ ਫਾਸਫੇਟ (0:46:0), ਐਨ.ਪੀ.ਕੇ. (12:32:16), ਸਿੰਗਲ ਸੁਪਰ ਫਾਸਫੇਟ ਐਨ.ਪੀ. ਕੇ (16:16:16), ਨਾਈਟ੍ਰੋ ਫਾਸਫੇਟ (20:20:13) ਅਤੇ ਹੋਰ ਫਾਸਫੋਰਸ ਤੱਤ ਵਾਲੀਆਂ ਖਾਦਾਂ ਦੀ ਡੀ.ਏ.ਪੀ. ਦੇ ਬਦਲਾਂ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ। ਇਹ ਖਾਦਾਂ ਵੀ ਡੀ.ਏ.ਪੀ. ਵਾਂਗ ਹੀ ਕਾਰਗਰ ਹਨ।

ਜ਼ਿਕਰਯੋਗ ਹੈ ਕਿ ਚੈਕਿੰਗ ਟੀਮ ਵਿੱਚ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਮਿਨਾਕਸ਼ੀ ਕੌਸ਼ਲ ਅਤੇ ਵਿਭਾਗ ਦੇ ਹੋਰ ਕਰਮਚਾਰੀ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button