
ਸ. ਭੱਟੀ ਵਲੋਂ ਕੀਤੀਆਂ ਜਾ ਰਹੀਆਂ ਅਲੌਕਿਕ ਸਮਾਜਿਕ ਸੇਵਾਵਾਂ ਦੀ ਕੀਤੀ ਭਰਪੂਰ ਸ਼ਲਾਘਾ
ਜਲੰਧਰ ਛਾਉਣੀ, ਸੈਵੀ ਚਾਵਲਾ/ਰਮਨ ਜਿੰਦਲ। ਫਰਾਂਸ ਦੇ ਉੱਘੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਜਿਹੜੇ ਕਿ ਇਨ੍ਹੀ ਦਿਨੀ ਪੰਜਾਬ ਦੌਰੇ ਤੇ ਆਏ ਹੋਏ ਹਨ, ਨੇ ਬੀਤੇ ਦਿਨੀ ਗੁਰੂ ਨਾਨਕ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਸ. ਭੱਟੀ ਗੁਰੂ ਚਰਨਾਂ ‘ਚ ਹਾਜ਼ਰੀ ਲਗਵਾਉਂਦੇ ਹੋਏ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕੀਤਾ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਿੱਥੇ ਇਸ ਸ਼ੁੱਭ ਆਗਮਨ ਮੌਕੇ ਗੁਰੂ ਘਰ ਹਾਜ਼ਰੀ ਭਰ ਰਹੀਆਂ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕੀਤਾ ਤੇ ਗੁਰਪੁਰਬ ਦੀ ਵਧਾਈ ਦਿੱਤੀ, ਉੱਥੇ ਹੀ ਕੁਝ ਪ੍ਰਮੁੱਖ ਸ਼ਖਸ਼ੀਅਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਦੇ ਕੇ ਸਨਮਾਨ ਕੀਤਾ। ਜਿਨ੍ਹਾਂ ਵਿੱਚੋਂ ਸਰਦਾਰ ਇਕਬਾਲ ਸਿੰਘ ਭੱਟੀ ਦਾ ਨਾਮ ਵਰਨਣਯੋਗ ਸੀ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਅਤੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਅਸੀਂ ਸ. ਇਕਬਾਲ ਸਿੰਘ ਭੱਟੀ ਜੀ ਦੇ ਅਤਿ ਧੰਨਵਾਦੀ ਹਾਂ, ਜਿਨ੍ਹਾਂ ਨੇ ਗੁਰੂ ਘਰ ਦੇ ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ ਦੇ ਸੱਦੇ ਤੇ ਆਪਣੇ ਸੰਖੇਪ ਜਿਹੇ ਦੌਰੇ ਵਿੱਚੋਂ ਟਾਈਮ ਕੱਢ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀ ਲਗਵਾਈ ਹੈ। ਅਸੀਂ ਇਨ੍ਹਾਂ ਦੀਆਂ ਅਲੌਕਿਕ ਸਮਾਜਿਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ , ਜਿਹੜੇ ਕਿ, ਦੁੱਖੀ ਪ੍ਰੀਵਾਰਾਂ ਦੀ ਰਜਾਮੰਦੀ ਨਾਲ, ਮਿਰਤਕ ਦੇਹਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੇ ਫੁਲ/ਅਸਥੀਆਂ ਲੈ ਕੇ ਸਬੰਧਿਤ ਪਰਿਵਾਰਾਂ ਤੱਕ ਪਹੁੰਚਾਉਂਦੇ ਹਨ। ਇਹੋ ਜਿਹੀ ਸੇਵਾ ਬਾਰੇ ਕਹਿਣਾ ਤਾਂ ਬਹੁਤ ਸੌਖਾ ਹੈ, ਐਪਰ ਸੇਵਾ ਕਰਕੇ ਦਿਖਾਉਣਾ ਬਹੁਤ ਔਖਾ ਹੁੰਦਾ ਹੈ। ਫਿਰ ਇੱਥੇ ਹੀ ਬਸ ਨਹੀਂ, ਅਣਗਿਣਤ ਮਿਰਤਕ ਦੇਹਾਂ ਵੀ ਜਿਨ੍ਹਾਂ ਦਾ ਸਬੰਧਿਤ ਪ੍ਰੀਵਾਰ ਫਰਾਂਸ ਵਿੱਚ ਸਸਕਾਰ ਨਹੀਂ ਕਰਨਾ ਚਾਹੁੰਦੇ, ਉਹ ਮਿਰਤਕ ਦੇਹਾਂ ਭਾਰਤ ਵੀ ਭੇਜਦੇ ਹਨ।
ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਅਨੋਖੀ ਸੇਵਾ ਵਿੱਚ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਅਤੇ ਉੱਥੋਂ ਦੀਆਂ ਸੰਗਤਾਂ ਵੀ ਦਿਲ ਖੋਲ ਕੇ ਇਸ ਕਾਰਜ ਵਿੱਚ ਹਿੱਸਾ ਪਾਉਂਦੀਆਂ ਹਨ, ਜਿਸ ਦੀ ਬਦੋਲਤ “ਔਰਰ -ਡਾਨ” ਨਾਮ ਦੀ ਸੰਸਥਾ, ਜਿਸਦੇ ਸ. ਭੱਟੀ ਪ੍ਰਧਾਨ ਹਨ, ਇਸ ਕਾਰਜ ਨੂੰ 2003 ਤੋਂ ਲਗਾਤਾਰ ਕਰਦੀ ਆ ਰਹੀ ਹੈ। ਸਾਡੀ ਜਾਣਕਾਰੀ ਮੁਤਾਬਿਕ ਇਹ ਸੰਸਥਾ 2003 ਤੋਂ ਲੈ ਕੇ ਹੁਣ ਤੱਕ 404 ਮਿਰਤਕ ਦੇਹਾਂ ਵਿੱਚੋਂ 138 ਦਾ ਸਸਕਾਰ ਫਰਾਂਸ ਵਿੱਚ ਜਦਕਿ ਬਾਕੀ 266 ਮਿਰਤਕ ਦੇਹਾਂ ਨੂੰ ਭਾਰਤ ਭੇਜ ਚੁੱਕੀ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਖੱਟਰ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਐਡੀਟਰ ਬਾਵਾ ਮੋਹਿੰਦਰ ਸਿੰਘ, ਮੀਤ ਪ੍ਰਧਾਨ ਜਗਮੋਹਨ ਸਿੰਘ ਖਹਿਰਾ, ਮੀਤ ਪ੍ਰਧਾਨ ਪਾਲ ਸਿੰਘ ਬੇਦੀ, ਮੀਤ ਪ੍ਰਧਾਨ ਹਰਜੀਤ ਸਿੰਘ ਟੱਕਰ, ਰਿਟਾਰਡ CEO ਪ੍ਰਿਤਪਾਲ ਸਿੰਘ, ਗੁਰਸ਼ਰਨ ਸਿੰਘ ਟੱਕਰ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਤਪਾਲ ਸਿੰਘ ਚੀਮਾ, ਕੁਲਵਿੰਦਰ ਸਿੰਘ ਰਾਜਾ, ਜਤਿੰਦਰ ਸਿੰਘ ਰਾਜੂ, ਜਸਪ੍ਰੀਤ ਸਿੰਘ ਬੰਕੀ, ਹਰਵਿੰਦਰ ਸਿੰਘ ਮੰਗੀ ਆਦਿ ਹਾਜਰ ਸਨ।
















