
ਫਰਾਂਸ ਦੇ ਸਿੱਖਾਂ ਦੇ ਰੋਹ ਤੋਂ ਡਰਿਆ ਭਗਵੰਤ ਮਾਨ ਆਪਣੇ ਉਲੀਕੇ ਪ੍ਰੋਗਰਾਮ ਵਿੱਚੇ ਛੱਡ ਕੇ ਵਾਪਿਸ ਪੰਜਾਬ ਭੱਜਿਆ – ਇਕਬਾਲ ਸਿੰਘ ਭੱਟੀ
ਪੰਜਾਬ ‘ਚ ਕਤਲ ਹੋਏ ਨੌਜਵਾਨਾਂ ਦੇ ਪ੍ਰੀਵਾਰਾਂ ਨੂੰ ਇਨਸਾਫ਼ ਦਿਵਾਓਣਾ ਸੀ ਮੁੱਖ ਮੱਕਸਦ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀਆਂ ਜਗਾ ਕੇ ਦੋ ਮਿੰਟ ਦਾ ਰੱਖਿਆ ਮੋਨ
PRIME INDIAN NEWS✍️H S CHAWLA
ਪੈਰਿਸ, (PIN):- ਪੰਜਾਬ ਦੇ ਹਾਲਾਤ ਦਿਨੋ ਦਿਨ ਬਹੁਤ ਹੀ ਮਾੜੇ ਹੋਈ ਜਾ ਰਹੇ ਹਨ, ਜਿਸਦੇ ਚਲਦਿਆਂ ਪੰਜਾਬ ‘ਚ ਆਏ ਦਿਨ ਹੋ ਰਹੀ ਕਤਲੋਗਾਰਤ, ਲੁੱਟਾਂ ਖੋਹਾਂ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਕਈ ਨੌਜੁਆਨ ਬੇਵਕਤੀ ਮੌਤ ਮਰ ਰਹੇ ਹਨ। ਜਿਸਦੇ ਵਿਰੋਧ ਜਤਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਦੀ ਅਗਵਾਈ ਹੇਠ 21 ਅਕਤੂਬਰ 2026 ਨੂੰ ਪੈਰਿਸ ਦੇ ਟੂਰਿਸਟ ਪਲੇਸ ਸਟਾਲਿਨਗ੍ਰਾਡ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੋਸਮਈ ਮੁਜਾਹਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੱਟੀ ਨੇ ਦੱਸਿਆ ਕਿ ਫਰਾਂਸ ਵਿੱਚ ਇਸ ਵਕਤ ਵਿਦਿਆਰਥੀਆਂ ਦੇ ਹੋ ਰਹੇ ਹਿੰਸਕ ਮੁਜਾਹਰਿਆਂ ਦੇ ਕਾਰਨ ਜਿਆਦਾ ਆਦਮੀ ਇਕੱਠੇ ਕਰਨ ਦੀ ਇਜਾਜਤ ਨਹੀਂ ਸੀ ਮਿਲੀ, ਜਿਸ ਕਾਰਨ ਇਟਲੀ ਤੋਂ ਅਕਾਲੀ ਦਲ ਯੂਰਪ ਦੇ ਅਹੁਦੇਦਾਰ ਨਹੀਂ ਪਹੁੰਚ ਸਕੇ, ਦੇ ਬਾਵਜੂਦ 20-25 ਦੇ ਕਰੀਬ ਅਕਾਲੀ ਆਗੂ ਅਤੇ ਵਰਕਰ ਇਸ ਰੋਸ ਮੁਜਹਿਰੇ ਵਿੱਚ ਸ਼ਾਮਿਲ ਹੋਏ। ਦੂਸਰਾ ਇਨੀ ਦਿਨੀ ਭਗਵੰਤ ਮਾਨ ਫਰਾਂਸ ਦੌਰੇ ਤੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਰੋਸ ਮੁਜਾਹਰੇ ਦੀ ਭਿਣਕ ਪਈ ਤਾਂ ਉਹ 20 ਅਕਤੂਬਰ ਦੀ ਸ਼ਾਮ ਵੇਲੇ ਮਿਲੀ ਸਰਕਾਰੀ ਖਾਣੇ ਦੀ ਦਾਵਤ ਅਤੇ ਅਗਲੇ ਦਿਨ ਭਾਵ 21 ਅਕਤੂਬਰ ਨੂੰ ਪਾਰਟੀ ਵਰਕਰਾਂ ਦੀ ਮੀਟਿੰਗ ਆਦਿ ਵਿੱਚੇ ਛੱਡ ਵਾਪਿਸ ਪੰਜਾਬ ਭੱਜ ਗਏ।

ਸ. ਭੱਟੀ ਨੇ ਕਿਹਾ ਕਿ ਇਸ ਰੋਸ ਮੁਜਹਿਰੇ ਦਾ ਮੁੱਖ ਮਕਸਦ ਵਿਕਰਮਜੀਤ ਸਿੰਘ ਵਿੱਕੀ, ਪਰਮਿੰਦਰ ਸਿੰਘ ਝੋਟਾ, ਗੁਲਜਾਰ ਸਿੰਘ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਆਦਿ ਦੇ ਪ੍ਰੀਵਾਰਾਂ ਨੂੰ ਇਨਸਾਫ਼ ਦੁਆਉਣ ਵਾਸਤੇ ਮਾਨ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਸੀ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖ਼ਤ ਕਨੂੰਨੀ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਸ. ਭੱਟੀ ਨੇ ਕਿਹਾ ਕਿ ਜਿਸ ਤਰੀਕੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਗਿਰਗਿਟ ਦੀ ਤਰਾਂ, ਬੇਤੁੱਕੇ ਅਤੇ ਬੁੱਜਦਿਲੀ ਵਾਲੇ ਬਿਆਨ ਦੇ ਕੇ ਦਿਨੋਂ ਦਿਨ ਗੰਦੀ ਸਿਆਸਤ ‘ਚ ਖੁਭਦੀਆਂ ਜਾ ਰਹੀਆਂ ਹਨ, ਦੇ ਬਾਵਜੂਦ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ, ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਬੇਮਿਸਾਲ ਪੋਜੀਸ਼ਨ ਹਾਸਿਲ ਕਰੇਗਾ, ਜਿਸਦੇ ਚਲਦਿਆਂ ਪੰਜਾਬ ‘ਚ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਬਹਾਲ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ। ਇਸ ਮੌਕੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ “ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ. ਸੁਖਬੀਰ ਸਿੰਘ ਬਾਦਲ ਜਿੰਦਾਬਾਦ” ਦੇ ਆਕਾਸ਼ ਗੂੰਜੀ ਨਾਅਰੇ ਵੀ ਲਗਾਏ ਗਏ।























































