
ਅੰਮ੍ਰਿਤਸਰ, (PRIME INDIAN NEWS) :- ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ‘ਚੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਇਕ ਕਿਲੋ 499 ਗ੍ਰਾਮ ਸੋਨਾ ਬਰਾਮਦ ਕੀਤਾ ਹੈ, ਜਿਸਦੀ ਕੁੱਲ ਕੀਮਤ 93 ਲੱਖ 71 ਹਜ਼ਾਰ 875 ਰੁਪਏ ਹੈ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਦੇ ਹੋਏ ਐਕਟ 1960 ਦੀ ਧਾਰਾ 110 ਤਹਿਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਸਟਮ ਵਿਭਾਗ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸੋਨਾ ਕਿਸ ਯਾਤਰੀ ਵੱਲੋਂ ਲਿਜਾਇਆ ਜਾ ਰਿਹਾ ਸੀ ਜੋ ਕਿ ਏਅਰ ਕ੍ਰਾਫਟ ਤੋਂ ਲੁਕਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਫਲਾਈਟ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ। ਜਹਾਜ਼ ਪਹੁੰਚਣ ਦੇ ਬਾਅਦ ਇਕ-ਇਕ ਕਰਕੇ ਸਾਰੇ ਯਾਤਰੀ ਬਾਹਰ ਨਿਕਲ ਗਏ।ਇਸ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਜਹਾਜ਼ ਵਿਚ ਕਿਸੇ ਯਾਤਰੀ ਵੱਲੋਂ ਸੋਨਾ ਲਿਆਂਦਾ ਗਿਆ ਹੈ। ਇਸ ਦੇ ਬਾਅਦ ਅਧਿਕਾਰੀਆਂ ਵੱਲੋਂ ਕ੍ਰਾਫਟ ਨੂੰ ਚੈੱਕ ਕੀਤਾ ਗਿਆ ਤਾਂ 2 ਰੈਪ ਕੀਤੇ ਗਏ ਪੈਕੇਟ ਮਿਲੇ, ਜਿਸਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 2 ਸੋਨੇ ਦੇ ਬਿਸਕੁਟ ਮਿਲੇ, ਜਿਨ੍ਹਾਂ ਦਾ ਭਾਰ ਇਕ ਕਿਲੋ 499 ਗ੍ਰਾਮ ਸੀ।
















