
ਕੈਂਟ ਹਲਕੇ ਤੋਂ ਸਿਰਫ 20246 ਵੋਟਾਂ ਹੀ ਹਾਸਿਲ ਕਰ ਸਕੀ ਪਾਰਟੀ , ਆਣ ਵਾਲੀਆਂ ਨਗਰ ਨਿਗਮ ਚੋਣਾਂ ‘ਚ ਵੀ ਪਵੇਗਾ ਇਸਦਾ ਅਸਰ
ਜਲੰਧਰ, ਐਚ ਐਸ ਚਾਵਲਾ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ “ਆਪ” ਹਾਈਕਮਾਨ ਵਲੋਂ ਜਲੰਧਰ ਕੈਂਟ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਣਾ ਆਮ ਆਦਮੀ ਪਾਰਟੀ ਨੂੰ ਭਾਰੀ ਪੈ ਗਿਆ। ਕੈਂਟ ਹਲਕੇ ਤੋਂ ਆਪ ਉਮੀਦਵਾਰ ਪਵਨ ਟੀਨੂੰ ਨੂੰ ਸਿਰਫ 20,246 ਵੋਟਾਂ ਹੀ ਮਿਲੀਆਂ, ਜਿਸ ਕਾਰਨ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਹੀ ਨਹੀਂ ਕੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਰਹੀ ਜਦਕਿ ਮਈ-2023 ‘ਚ ਹੋਈ ਲੋਕ ਸਭਾ ਜਿਮਨੀ ਚੋਣ ਦੌਰਾਨ ਸੁਰਿੰਦਰ ਸਿੰਘ ਸੋਢੀ ਛਾਉਣੀ ਹਲਕੇ ਤੋਂ ਉਸ ਵੇਲੇ ਦੇ “ਆਪ” ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਤਕਰੀਬਨ 7000 ਵੋਟਾਂ ਦੀ ਵੱਡੀ ਲੀਡ ਦਿਵਾਉਣ ‘ਚ ਕਾਮਯਾਬ ਰਹੇ ਸਨ ਅਤੇ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਦੇ ਮੁਕਾਬਲੇ ਪਹਿਲੇ ਨੰਬਰ ਤੇ ਰਹੀ ਸੀ।
ਗੌਰਤਲਬ ਹੈ ਕਿ ਸੁਰਿੰਦਰ ਸਿੰਘ ਸੋਢੀ ਨੇ ਜੀਅ ਜਾਨ ਨਾਲ ਦਿਨ ਰਾਤ ਮਿਹਨਤ ਕਰਕੇ ਕੈਂਟ ਹਲਕੇ ‘ਚ ਆਮ ਆਦਮੀ ਪਾਰਟੀ ਦਾ ਵਾਕਾਰ ਬਣਾਇਆ ਸੀ ਅਤੇ ਕੈਂਟ ਹਲਕੇ ਦੇ ਲੋਕ ਵੀ ਉਨਾਂ ਨਾਲ ਲਗਾਤਾਰ ਜੁੜ ਰਹੇ ਸਨ ਪਰ ਹੁਣ ਲੋਕਸਭਾ ਚੋਣਾਂ ਦੌਰਾਨ ਐਨ ਮੌਕੇ ਤੇ ਉਨ੍ਹਾਂ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਦੇਣਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਗਿਆ। ਇਸ ਦੌਰਾਨ ਸੋਢੀ ਨੇ ਪਾਰਟੀ ਤਾਂ ਨਹੀਂ ਛੱਡੀ ਸਗੋਂ ਆਪਣੀ ਨਾਰਾਜ਼ਗੀ ਜਤਾਉਂਦਿਆਂ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ। ਇਹ ਹੀ ਨਹੀਂ ਉਨ੍ਹਾਂ ਦੀ ਦੂਰੀ ਕਾਰਨ ਉਨ੍ਹਾਂ ਦੇ ਨਾਲ ਜੁੜੇ ‘ਆਪ’ ਵਰਕਰਾਂ ਨੇ ਵੀ ਇਸ ਚੋਣ ‘ਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ, ਜਿਸਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਅਤੇ ਆਮ ਆਦਮੀ ਪਾਰਟੀ ਮੁਕਾਬਲੇ ਤੋਂ ਵੀ ਬਾਹਰ ਹੋ ਗਈ।
ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੈਂਟ ਹਲਕੇ ‘ਚ ਆਮ ਆਦਮੀ ਪਾਰਟੀ ਦੀ ਹਾਲਤ ਲਗਾਤਾਰ ਕਮਜ਼ੋਰ ਹੋਣ ਲੱਗੀ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਵੋਟਾਂ ਵਾਲੇ ਦਿਨ ਕੈਂਟ ਹਲਕੇ ‘ਚ ਕਈ ਥਾਵਾਂ ‘ਤੇ ‘ਆਪ’ ਦੇ ਬੂਥ ਵੀ ਨਹੀਂ ਲੱਗੇ ਨਾ ਹੀ ਨਵਨਿਯੁਕਤ ਹਲਕਾ ਇੰਚਾਰਜ ਰਾਜਵਿੰਦਰ ਕੌਰ ਬਿਆੜਾ ਵਰਕਰਾਂ ਦਾ ਹੌਸਲਾ ਵਧਾਉਣ ਲਈ ਮੌਕੇ ‘ਤੇ ਪਹੁੰਚੇ। ਜਦੋਂ ਨਤੀਜੇ ਆਏ ਤਾਂ ਕੈਂਟ ਹਲਕੇ ਤੋਂ ਕਾਂਗਰਸ ਨੂੰ 45450 ਵੋਟਾਂ ਅਤੇ ਭਾਜਪਾ ਨੂੰ 29094 ਵੋਟਾਂ ਮਿਲੀਆਂ ਜਦਕਿ ‘ਆਪ” ਸਿਰਫ਼ 20246 ਵੋਟਾਂ ਹੀ ਹਾਸਿਲ ਕਰ ਸਕੀ, ਜਿਸਨੂੰ ਦੇਖ ਕੇ ‘ਆਪ’ ਦਾ ਹਰ ਵਰਕਰ ਹੈਰਾਨ ਰਹਿ ਗਿਆ ਕਿਉਂਕਿ ਕਿਸੇ ਨੂੰ ਵੀ ਅਜਿਹੀ ਉਮੀਦ ਨਹੀਂ ਸੀ।
ਇਸ ਬਾਰੇ “ਆਪ” ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਸੁਰਿੰਦਰ ਸਿੰਘ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਹੁੰਦਾ ਤਾਂ ਨਤੀਜਾ ਕੁਝ ਹੋਰ ਹੀ ਹੋਣਾ ਸੀ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੇ ਵੀ ਇਸਦਾ ਅਸਰ ਪਵੇਗਾ। ਜਦੋਂ ਇਸ ਸਬੰਧੀ ਸੁਰਿੰਦਰ ਸਿੰਘ ਸੋਢੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।





























