
ਮਤੇ ਅਨੁਸਾਰ ਪਾਰਟੀ ਦੀ ਵਰਕਿੰਗ ਕਮੇਟੀ ‘ਚ ਲਿਆ ਗਿਆ ਫੈਸਲਾ ਪਾਰਟੀ ਦੇ ਸਿਧਾਂਤਾਂ ਮੁਤਾਬਿਕ ਬਿਲਕੁਲ ਸਹੀ – ਭੱਟੀ ਫਰਾਂਸ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਐਲਾਨੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ ਫਰਾਂਸ, ਪ੍ਰਧਾਨ ਅਕਾਲੀ ਦਲ ਯੂਰਪ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ ਅਤੇ ਜੱਸ ਪ੍ਰਭੂ ਪ੍ਰੀਤ ਸਿੰਘ ਫਰਾਂਸ, ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਆਦਿ ਨੇ ਭਰਵਾਂ ਸਵਾਗਤ ਕੀਤਾ ਹੈ। ਉਕਤ ਆਗੂਆਂ ਨੇ ਨਵੀਂ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ 23 ਮੈਂਬਰਾਂ ਅਤੇ ਵਿਸ਼ੇਸ਼ ਸੱਦੇ ਗਏ 4 ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਇਸ ਸਬੰਧੀ ਜੋ ਫੈਸਲਾ ਮਤੇ ਅਨੁਸਾਰ ਪਾਰਟੀ ਦੀ ਵਰਕਿੰਗ ਕਮੇਟੀ ‘ਚ ਲਿਆ ਗਿਆ ਹੈ, ਉਹ ਪਾਰਟੀ ਦੇ ਸਿਧਾਂਤਾਂ ਮੁਤਾਬਿਕ ਬਿਲਕੁਲ ਸਹੀ ਹੈ। ਸ. ਭੱਟੀ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹੀ ਅਗਵਾਈ ਵਿੱਚ ਦਿਨ ਰਾਤ ਇੱਕ ਕਰਕੇ ਵਿਰੋਧੀਆਂ ਦੀਆਂ ਪੰਜਾਬ ਅਤੇ ਪੰਜਾਬ ਵਾਸੀਆਂ ਪ੍ਰਤੀ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਅਤੇ ਸਾਜਿਸ਼ਾਂ ਨੂੰ ਬੇਨਕਾਬ ਕਰਨਗੇ ਅਤੇ ਪਾਰਟੀ ਦੀ ਸਾਖ ਨੂੰ ਬਰਕਰਾਰ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਅਤੇ ਵਿਕਾਸਸ਼ੀਲ ਸੂਬਾ ਬਣਾਉਣਗੇ।





























