ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਦਿੱਗਜ ਆਗੂ ਅਤੇ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਪਾਰਟੀ ਦੇ ਪ੍ਰਚਾਰ ਵਾਸਤੇ ਪੰਜਾਬ ਪਹੁੰਚ ਗਏ ਹਨ, ਜਿਥੇ ਕਿ ਉਹ ਤਰਨ ਤਾਰਨ ਹਲਕੇ ਦੀ ਹੋ ਰਹੀ ਜਿਮਨੀ ਚੋਣ ਦੌਰਾਨ ਧਰਮੀ ਫੌਜੀ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਹੱਕ ਵਿੱਚ ਪ੍ਰਚਾਰ ਕਰਨਗੇ।
ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਤਰਨਤਾਰਨ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਹੋਰ ਇਲਾਕਿਆਂ ਵਿਖੇ ਭਰਵੀਆਂ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਿਆ ਜਾ ਸਕਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਤਰਨ ਤਾਰਨ ਹਲਕੇ ਦੇ ਸੂਝਵਾਨ ਵੋਟਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਧਰਮੀ ਫੌਜੀ ਪਰਿਵਾਰ ਦੇ ਹੱਕ ਵਿੱਚ ਫਤਵਾ ਦੇ ਕੇ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ ਅਤੇ ਪੰਜਾਬ ਦੇ ਹੱਕਾਂ ਦੀ ਲੁੱਟ ਖਸੁੱਟ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ, ਜੋਕਿ ਸਮੁੱਚੇ ਪੰਜਾਬ ਅੰਦਰ ਇੱਕ ਮਿਸਾਲ ਹੋਵੇਗੀ।





























