
ਪੁਲਿਸ ਨੇ ਚਾਰ ਵੱਖ-ਵੱਖ ਮਾਮਲਿਆਂ ਵਿੱਚ 10 ਨੂੰ ਕੀਤਾ ਕਾਬੂ; 8 ਮੋਬਾਈਲ ਫੋਨ, 9 ਮੋਟਰਸਾਈਕਲ ਅਤੇ 360 ਨਸ਼ੀਲੀਆਂ ਗੋਲੀਆਂ ਬਰਾਮਦ
ਜਲੰਧਰ, ਐਚ ਐਸ ਚਾਵਲਾ। ਸਟਰੀਟ ਕ੍ਰਾਈਮ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਅਤੇ ਨਕੋਦਰ ਸਬ ਡਵੀਜ਼ਨਾਂ ਵਿੱਚ ਚਾਰ ਵੱਖ-ਵੱਖ ਅਪਰੇਸ਼ਨਾਂ ਵਿੱਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਦੇ 8 ਮੋਬਾਈਲ ਫੋਨ, ਇੱਕ ਸਕੂਟਰ ਸਮੇਤ 9 ਚੋਰੀ ਦੇ ਵਾਹਨ ਅਤੇ 360 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਬੱਗਾ, ਮਨਦੀਪ ਸਿੰਘ ਉਰਫ ਮਨੀ, ਰਾਹੁਲ ਗਿੱਲ ਉਰਫ ਗਿਆਨੀ, ਨਵਜੋਤ ਸਿੰਘ ਉਰਫ ਰਵੀ, ਨਿੰਦਰ ਕੁਮਾਰ, ਰੋਹਿਤ ਧੀਰ ਉਰਫ ਚਾਰੀਆ, ਦਰਬਾਰਾ ਰਾਮ ਉਰਫ ਬਾਰਾ, ਵਿਜੇ ਕੁਮਾਰ, ਰਾਜਨ, ਅਤੇ ਵਿਜੇ ਸਾਰੇ ਨਿਵਾਸੀ ਨਵਾ ਸ਼ਹਿਰ, ਨਕੋਦਰ, ਜਾਂ ਮਹਿਤਪੁਰ ਖੇਤਰਾਂ ਦੇ ਵਜੋਂ ਹੋਈ ਹੈ।

ਡੀਐਸਪੀ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਫਿਲੌਰ ਪੁਲੀਸ ਨੇ ਗਸ਼ਤ ਦੌਰਾਨ ਦੋ ਹਾਈਵੇ ਲੁਟੇਰਿਆਂ ਗੁਰਪ੍ਰੀਤ ਸਿੰਘ ਉਰਫ ਬੱਗਾ ਅਤੇ ਮਨਦੀਪ ਸਿੰਘ ਉਰਫ ਮਨੀ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਦੇ ਚਾਰ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇੱਕ ਹੋਰ ਮਾਮਲੇ ਵਿੱਚ ਦਰਬਾਰਾ ਰਾਮ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਜਦੋਂ ਉਹ ਰੁਟੀਨ ਨਾਕੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਾ ਸੀ। ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।
ਨਕੋਦਰ ਵਿੱਚ, ਡੀਐਸਪੀ ਨਕੋਦਰ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਰਹਿਮਾਨਪੁਰਾ ਚੌਕ ਨੇੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 260 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇੱਕ ਹੋਰ ਕਾਰਵਾਈ ਵਿੱਚ, ਨਕੋਦਰ ਪੁਲਿਸ ਨੇ ਜਲੰਧਰ, ਨਕੋਦਰ, ਮਹਿਤਪੁਰ ਅਤੇ ਸ਼ਾਹਕੋਟ ਖੇਤਰਾਂ ਵਿੱਚ ਲੁੱਟਾਂ-ਖੋਹਾਂ ਅਤੇ ਲੜੀਵਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 8 ਦਸੰਬਰ ਨੂੰ ਇੰਦਰਜੀਤ ਸਿੰਘ ‘ਤੇ ਹਮਲਾ ਕਰਕੇ ਉਸ ਦਾ ਮੋਬਾਈਲ ਫ਼ੋਨ, ਦਸਤਾਵੇਜ਼ ਅਤੇ ਮੋਟਰਸਾਈਕਲ ਲੁੱਟ ਲਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਚਾਰ ਮੋਬਾਈਲ ਫ਼ੋਨ, ਚਾਰ ਮੋਟਰਸਾਈਕਲ ਅਤੇ ਇੱਕ ਸਕੂਟਰ ਬਰਾਮਦ ਕੀਤਾ ਹੈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਐਨਡੀਪੀਐਸ ਅਤੇ ਆਰਮਜ਼ ਐਕਟ ਦੇ ਤਹਿਤ ਪੁਰਾਣੇ ਅਪਰਾਧਿਕ ਰਿਕਾਰਡ ਵਾਲੇ ਆਦਤਨ ਅਪਰਾਧੀ ਹਨ। ਥਾਣਾ ਫਿਲੌਰ ਅਤੇ ਸਿਟੀ ਅਤੇ ਸਦਰ ਨਕੋਦਰ ਵਿਖੇ ਆਈਪੀਸੀ ਅਤੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਚਾਰ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਐਸਐਸਪੀ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਵਿੱਚ ਸਟਰੀਟ ਕ੍ਰਾਈਮ ਅਤੇ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
















