
ਪੈਰਿਸ, (PRIME INDIAN NEWS) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੰਘ ਸਹਿਬਾਨ ਵਲੋਂ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 7 ਮੈਂਬਰੀ ਕਮੇਟੀ ਨੂੰ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦੇ ਜੋ ਆਦੇਸ਼ ਜਾਰੀ ਕੀਤੇ ਗਏ ਸਨ, ਉਨ੍ਹਾਂ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆ 7 ਮੈਂਬਰੀ ਕਮੇਟੀ ਨੂੰ ਦਰ ਕਿਨਾਰ ਕਰਕੇ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਵਲੋਂ ਆਪਣੇ ਤੌਰ ਤੇ ਜਾਅਲੀ ਭਰਤੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਢਾਹ ਲਾਈ ਜਾ ਰਹੀ ਹੈ, ਜਿਸ ਨਾਲ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਯੂਰਪੀਅਨ ਸਿੱਖ ਕੌਂਸਿਲ ਦੇ ਮੁੱਖ ਸੇਵਾਦਾਰ ਬਸੰਤ ਸਿੰਘ ਪੰਜਹੱਥਾ ਫਰਾਂਸ, ਭਾਈ ਜਗਤਾਰ ਸਿੰਘ ਬੰਗਾ ਆਸਟਰੀਆ ਅਤੇ ਭਾਈ ਰੇਸ਼ਮ ਸਿੰਘ ਬੈਲਜੀਅਮ ਵਲੋਂ ਇਹ ਬਿਆਨ ਪ੍ਰੈਸ ਨੂੰ ਜਾਰੀ ਕੀਤਾ ਗਿਆ ਹੈ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਵੱਖ ਵੱਖ ਤਰੀਕਿਆਂ ਨਾਲ ਦਬਾਅ ਬਣਾਉਣਾ ਬਹੁਤ ਹੀ ਨਿੰਦਣ ਯੋਗ ਹੈ। ਇਹ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਇਹਨਾਂ ਆਗੂਆਂ ਵਲੋਂ ਚਣੌਤੀ ਦਿੱਤੀ ਜਾ ਰਹੀ ਹੈ। ਜੇਕਰ ਇਹਨਾਂ ਆਗੂਆਂ ਵਲੋਂ 7 ਮੈਂਬਰੀ ਕਮੇਟੀ ਦੇ ਫੈਸਲੇ ਅਨੁਸਾਰ ਭਰਤੀ ਨਾ ਕਰਵਾਈ ਅਤੇ ਸਿੰਘ ਸਾਹਿਬਾਨ ਦੇ ਆਦੇਸ਼ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਸਿੱਖ ਕੌਮ ਇਹਨਾਂ ਨੂੰ ਕਦੇ ਮਾਫ ਨਹੀਂ ਕਰੇਗੀ।
ਯੂਰਪੀਅਨ ਸਿੱਖ ਕੌਂਸਿਲ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਬਸੰਤ ਸਿੰਘ ਪੰਜਹੱਥਾ, ਅਸਟਰੀਆ ਤੋਂ ਭਾਈ ਜਗਤਾਰ ਸਿੰਘ ਬੰਗਾ ਅਤੇ ਭਾਈ ਰੇਸ਼ਮ ਸਿੰਘ ਬੈਲਜੀਅਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਬਾਕੀ ਸਿੰਘ ਸਹਿਬਾਨਾ ਵਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਸਾਰੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਿੰਘ ਸਹਿਬਾਨ ਜੀ ਦਾ ਡੱਟ ਕੇ ਸਾਥ ਦੇਣ।
ਉਪਰੋਕਤ ਆਗੂਆਂ ਵਲੋਂ ਕਿਹਾ ਗਿਆ ਕੇ ਇਤਿਹਾਸ ਗਵਾਹ ਹੈ ਜਿਸ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ, ਉਸਨੂੰ ਮੂੰਹ ਦੀ ਖਾਣੀ ਪਈ ਹੈ ਪਰ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਆਗੂਆਂ ਵਲੋਂ ਜਬਰਦਸਤੀ ਜਥੇਦਾਰਾਂ ਤੇ ਦਬਾਅ ਬਣਾ ਇਲਜਾਮਬਾਜੀ ਕਰਕੇ ਸਿੰਘ ਸਹਿਬਾਨ ਨੂੰ ਸੇਵਾ ਮੁਕਤ ਕਰਕੇ ਛੁੱਟੀ ਕੀਤੀ ਜਾ ਰਹੀ ਹੈ, ਜਿਸਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
















