
ਆਪਣੀ ਜਾਣ ਪਹਿਚਾਣ ਅਤੇ NRI ਵੀਰਾਂ ਦੇ ਪ੍ਰੀਵਾਰਾਂ ਨੂੰ ਮਿਲ ਕੇ ਐਡਵੋਕੇਟ ਪਰਉਪਕਾਰ ਸਿੰਘ ਦੇ ਹੱਕ ‘ਚ ਕਰਨਗੇ ਪ੍ਰਚਾਰ
ਪੈਰਿਸ, (PRIME INDIAN NEWS) :- ਲੁਧਿਆਣਾ ਜਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਯੂਰਪ ਵੱਲੋਂ ਇਕਬਾਲ ਸਿੰਘ ਭੱਟੀ ਨੂੰ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ, ਜਿਥੇ ਕਿ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਦੇ ਹੱਕ ‘ਚ ਹੋ ਰਹੇ ਚੋਣ ਪ੍ਰਚਾਰ ਨੂੰ ਹੋਰ ਵੀ ਅਸਰਦਾਰ ਬਣਾਉਣ ਲਈ ਲੁਧਿਆਣਾ ਵਿਖੇ ਪਹੁੰਚ ਰਹੇ ਹਨ।
ਗੌਰਤਲਬ ਹੈ ਕਿ ਐਡਵੋਕੇਟ ਪਰਉਪਕਾਰ ਸਿੰਘ ਦੇ ਚੋਣ ਮੈਦਾਨ ਵਿੱਚ ਆ ਜਾਣ ਨਾਲ ਮੁਕਾਬਲਾ ਤਿਕੋਣਾ ਹੋ ਗਿਆ ਹੈ। ਜਿੱਥੇ ਪਹਿਲਾਂ ਆਮ ਲੋਕਾਂ ਵਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਲੜਾਈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚਕਾਰ ਹੈ ਪਰ ਹੁਣ ਉਹੀ ਲੋਕ ਇਹ ਕਹਿ ਰਹੇ ਹਨ ਕਿ ਇਥੇ ਮੁਕਾਬਲਾ ਤਿਕੋਣਾ ਹੋ ਗਿਆ ਹੈ, ਜਿਸ ਕਾਰਣ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਬਹੁਤ ਵਧ ਗਿਆ ਹੈ |
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਉਹ ਆਪਣੇ ਸਾਥੀ ਅਹੁਦੇਦਾਰਾਂ ਦੀ ਸਲਾਹ ਨਾਲ ਲੁਧਿਆਣਾ ਪਹੁੰਚ ਰਹੇ ਹਨ, ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਦੀ ਹਮਾਇਤ ਵਿੱਚ ਘਰ ਘਰ ਜਾ ਕੇ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਐਡਵੋਕੇਟ ਪਰਉਪਕਾਰ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਮ ਜਨਤਾ ਦੇ ਨਾਲ ਨਾਲ ਆਪਣੀ ਜਾਣ ਪਹਿਚਾਣ ਵਾਲੇ ਅਤੇ NRI ਪ੍ਰੀਵਾਰਾਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਵਾਸਤੇ ਅਪੀਲ ਕਰਨਗੇ।





























