ਪੰਜਾਬ ਵਕਫ਼ ਬੋਰਡ ਵਲੋਂ ਮੁਲਾਜ਼ਮਾਂ ਦੀ ਭਲਾਈ ਲਈ ਇਤਿਹਾਸਿਕ ਕਦਮ, ਪੰਜਾਬ ਪੁਲਿਸ ਦੀ ਤਰਜ ’ਤੇ ਮਿਲਣਗੇ ਬੀਮੇ ਦੇ ਸਾਰੇ ਅਧਿਕਾਰ – ADGP ਫਾਰੂਕੀ

ਕਿਹਾ – ਦੋ ਮੁਲਾਜ਼ਮ ਦੀ ਕੁਦਰਤੀ ਮੌਤ ਹੋਣ ’ਤੇ ਪਰਿਵਾਰਿਕ ਮੈਂਬਰਾਂ ਨੂੰ ਮਿਲੇਗੀ 5-5 ਲੱਖ ਰੁਪਏ ਦੀ ਆਰਥਿਕ ਮਦਦ
ਕਿਹਾ – ਪੰਜਾਬ ਵਕਫ਼ ਬੋਰਡ ਦੇ ਮੁਲਾਜ਼ਮਾਂ ਪਰਿਵਾਰਾਂ ਦੀ ਸੁਰੱਖਿਆ ਸਾਡੀ ਜਿੰਮੇਵਾਰੀ
ਜਲੰਧਰ, ਐਚ ਐਸ ਚਾਵਲਾ। ਪੰਜਾਬ ਵਕਫ਼ ਬੋਰਡ ਨੇ ਪਹਿਲੀ ਵਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਨੂੰ ਲੈ ਕੇ ਵੱਡਾ ਇਤਿਹਾਸਿਕ ਕਦਮ ਉਠਾਇਆ ਹੈ। ਪੰਜਾਬ ਵਕਫ਼ ਬੋਰਡ ਆਪਣੇ ਮੁਲਾਜ਼ਮਾਂ ਨੂੰ ਵੀ ਪੰਜਾਬ ਪੁਲਿਸ ਦੀ ਤਰਜ ’ਤੇ ਬੀਮੇ ਦੇ ਅਧਿਕਾਰ ਮਿਲਣਗੇ।
ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕ ਤੇ ਏ.ਡੀ.ਜੀ.ਪੀ. ਐਮ.ਐਫ.ਫਾਰੂਕੀ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਉਨਾਂ ਦੀ ਨੈਤਿਕ ਜਿੰਮੇਵਾਰੀ ਹੈ।
ਵਕਫ਼ ਬੋਰਡ ਵਲੋਂ ਬੈਂਕ ਐਚ.ਡੀ.ਐਫ.ਸੀ. ਦੇ ਨਾਲ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਹੁਣ ਵਕਫ਼ ਬੋਰਡ ਦੇ ਮੁਲਾਜ਼ਮਾਂ ਨੂੰ ਦੁਰਘਟਨਾ ਸਬੰਧੀ ਬੀਮੇ ਦੇ ਸਾਰੇ ਲਾਭ ਮਿਲਣਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵਕਫ਼ ਬੋਰਡ ਦੇ ਦੋ ਮੁਲਾਜ਼ਮਾਂ ਦੀ ਕੁਦਰਤੀ ਮੌਤ ਹੋਈ ਸੀ ਅਤੇ ਇਸ ਸਕੀਮ ਦੇ ਤਹਿਤ ਪਰਿਵਾਰਿਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਕਿਉਂਕਿ ਪਾਲਿਸੀ ਦੇ ਅਨੁਸਾਰ ਇਹ ਦੋਵੇਂ ਮੁਲਾਜ਼ਮ ਇਸ ਵਿੱਚ ਕਵਰ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਵਕਫ਼ ਬੋਰਡ ਵਲੋਂ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਕਰਨ ਲਈ ਬੋਰਡ ਵਲੋਂ ਇਹ ਵੱਡਾ ਕਦਮ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਨਾਲ ਵਕਫ਼ ਬੋਰਡ ਦੇ ਮੁਲਾਜ਼ਮਾਂ ਦੇ ਦਿਹਾਂਤ ਉਤੇ ਕੋਈ ਆਰਥਿਕ ਲਾਭ ਨਹੀਂ ਦਿੱਤਾ ਜਾਂਦਾ ਸੀ।
ਵਕਫ਼ ਬੋਰਡ ਦੇ ਮੁਲਾਜਮਾਂ ਨੂੰ ਦੁਰਘਟਨਾ ਨਾਲ ਮੌਤ ਹੋਣ ’ਤੇ 50 ਲੱਖ ਰੁਪਏ ਤੱਕ, ਸਥਾਈ ਤੌਰ ’ਤੇ ਅਪੰਗ ਹੋਣ ’ਤੇ 50 ਲੱਖ ਰੁਪਏ ਤੱਕ ਲਾਭ, ਸਿੱਖਿਆ ਲਾਭ ਦੇ ਤਹਿਤ ਖਾਤਾ ਧਾਰਕ ਦੇ ਦੋ ਬੱਚਿਆਂ ਨੂੰ 4 ਲੱਖ ਰੁਪਏ ਤੱਕ ਦਾ ਲਾਭ, ਕੁਦਰਤੀ ਮੌਤ ਹੋਣ ’ਤੇ 5 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਸਹੂਲਤ ਲਈ ਰਿਲੇਸ਼ਨਸ਼ਿਪ ਮੈਨੇਜਰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਲੈਣ-ਦੇਣ ਜਿਵੇਂ ਡਿਮਾਂਚ ਡਰਾਫ਼ਟ, ਪਲੈਟੀਨੇਮ ਡੇਬਿਟ ਕਾਰਡ, ਤਿੰਨ ਕਰੋੜ ਤੱਕ ਅੰਤਰਰਾਸ਼ਟਰੀ ਦੁਰਘਟਨਾ ਕਵਰ ਅਤੇ ਪਰਿਵਾਰਿਕ ਮੈਂਬਰਾਂ ਦਾ ਜ਼ੀਰੋ ਬੇਲੈਂਸ ਬੈਂਕ ਖਾਤਾ ਸ਼ਾਮਿਲ ਹੈ।
ਐਚ.ਡੀ.ਐਫ.ਸੀ. ਬੈਂਕ ਵਲੋਂ ਇਸ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ ਜੋ ਮੁਲਾਜ਼ਮਾਂ ਨੂੰ ਕਿਸੀ ਵੀ ਤਰ੍ਹਾਂ ਦੀ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਉਨਾਂ ਦੀ ਸਹਾਇਤਾ ਕਰੇਗਾ। ਇਸ ਪਾਲਿਸੀ ਤਹਿਤ ਪੰਜਾਬ ਵਕਫ਼ ਬੋਰਡ ਦੇ ਮੁਲਾਜ਼ਮਾਂ ਸਮੇਤ ਸਕੂਲ-ਕਾਲਜ ਇੰਪਲਾਈਲ਼ ਕਈ ਹੋਰ ਕਰਮਚਾਰੀ ਵੀ ਸ਼ਾਮਿਲ ਹਨ।
















