ਪੈਰਿਸ, (PRIME INDIAN NEWS) :- ਖੇਡ ਮੁਕਾਬਲੇ ਕਰਵਾ ਕੇ, ਜਿੱਥੇ ਯੂਨਾਈਟਿਡ ਫੈਡਰੇਸ਼ਨ ਯੂਰਪ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਭਰਭੂਰ ਯੋਗਦਾਨ ਪਾ ਰਹੀ ਹੈ, ਉੱਥੇ ਹੀ ਇਸੇ ਫੈਡਰੇਸ਼ਨ ਦਾ ਬਹੁਤ ਲੰਬੇ ਸਮੇੰ ਤੋਂ ਹਿੱਸਾ ਬਣੇ ਰੌਇਲ ਕਲੱਬ ਬੈਲਜੀਅਮ ਦੇ ਸਮੂੰਹ ਪ੍ਰਬੰਧਕ ਵੀ, ਪੰਜਾਬ ਦੇ ਨੌਜੁਆਨ ਖਿਡਾਰੀਆਂ ਨੂੰ ਯੂਰਪ ਬੁਲਾ ਕੇ, ਉਨ੍ਹਾਂ ਦੀ ਮਾਇਕ ਸਹਾਇਤਾ ਕਰਨ ਦੇ ਨਾਲ ਨਾਲ, ਉਨ੍ਹਾਂ ਨੂੰ ਅੱਛੀ ਸਿਹਤ ਬਣਾਉਣ ਵਾਲੇ ਪਾਸੇ ਵੀ ਪ੍ਰੇਰਿਤ ਕਰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਰਪ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਦੱਸਿਆ ਕਿ ਵੈਸੇ ਤਾਂ ਖੇਡਾਂ ਇਸ ਕਰਕੇ ਹੀ ਕਰਵਾਈਆਂ ਜਾਂਦੀਆਂ ਹਨ ਕਿ ਹਰ ਸੋਚਵਾਨ ਵਿਅਕਤੀ ਆਪੋ ਆਪਣਾ ਯੋਗਦਾਨ ਪਾ ਕੇ ਪੰਜਾਬ ਦੇ ਨੌਜੁਆਨਾਂ ਨੂੰ ਜਿਹੜੇ ਕਿ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਉਨ੍ਹਾਂ ਨੂੰ ਗਲਤ ਰਸਤੇ ਤੋਂ ਹਟਾ ਕੇ ਸੁਡੌਲਤਾ ਵਾਲੇ ਪਾਸੇ ਮੌੜਿਆ ਜਾਵੇ। ਪੰਜਾਬੀਆਂ ਦੀ ਇਸ ਉਸਾਰੂ ਸੋਚ ਨੂੰ, ਹੋਰਨਾਂ ਕਲੱਬਾਂ ਦੀ ਤਰਾਂ, ਰੌਇਲ ਕਲੱਬ ਦੇ ਪ੍ਰਬੰਧਕ ਵੀ ਉਚਾਈਆਂ ਵੱਲ ਲਿਜਾ ਰਹੇ ਹਨ, ਜਿਸਦੀ ਸਿਫਤ ਕਰਨੀ ਬਣਦੀ ਹੈ।
ਸ. ਭੱਟੀ ਨੇ ਦੱਸਿਆ ਕਿ ਪਿਛਲੇ ਦਿਨੀਂ ਇਸੇ ਲੜੀ ਦੇ ਤਹਿਤ, ਇੱਕ ਭਰਵੀਂ ਮੀਟਿੰਗ ਦਰਮਿਆਨ, ਯੂਨਾਈਟਿਡ ਫੈਡਰੇਸ਼ਨ ਯੂਰਪ ਦੇ ਪ੍ਰਬੰਧਕਾਂ ਨੇ ਉਪਰਾਲਾ ਕਰਕੇ, ਪੰਜਾਬ ਭਰ ਤੋਂ ਵਧੀਆ ਤੋਂ ਵਧੀਆ ਅਤੇ ਸੁਡੋਲ ਸਰੀਰ ਵਾਲੇ ਖਿਡਾਰੀ ਮੰਗਵਾਉਣ ਦਾ ਫ਼ੈਸਲਾ ਇਸ ਕਰਕੇ ਕੀਤਾ ਸੀ ਕਿ ਯੂਰਪ ਆਉਣ ਵਾਲੇ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਦੇਖ ਕੇ ਅਗਲੇ ਸਾਲ ਹੋਰ ਜਿਆਦਾ ਨੌਜੁਆਨ ਖਿਡਾਰੀ ਤਿਆਰ ਹੋ ਸਕਣ, ਜਿਹੜੇ ਸਿਰਫ ਤੇ ਸਿਰਫ ਨਸ਼ਿਆਂ ਦੀ ਜਗ੍ਹਾ ਖੇਡਾਂ ਵਾਲੇ ਪਾਸੇ ਹੀ ਧਿਆਨ ਦੇਣ।
ਸ. ਭੱਟੀ ਨੇ ਦੱਸਿਆ ਕਿ ਇਸ ਸਬੰਧੀ ਰੌਇਲ ਕਲੱਬ ਦੇ ਪ੍ਰਬੰਧਕ ਅਵਤਾਰ ਸਿੰਘ ਅਤੇ ਰਿੰਕੂ ਸਮਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਵੱਧ ਤੋਂ ਵੱਧ ਸਭਿਆਚਾਰਕ ਅਤੇ ਖੇਡ ਮੇਲੇ ਕਰਵਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਹਿੱਸਾ ਪਾਈਏ, ਤਾਂ ਕਿ ਬੇਰੁਜਗਾਰ ਪੰਜਾਬੀ ਨੌਜੁਆਨ ਖੇਡਾਂ ਰਾਹੀਂ ਪੈਸਾ ਕਮਾ ਕੇ ਆਪਣਾ ਪ੍ਰੀਵਾਰ ਪਾਲ ਸਕਣ। ਮੈਂ (ਇਕਬਾਲ ਸਿੰਘ ਭੱਟੀ ) ਯੂਨਾਈਟਿਡ ਫੈਡਰੇਸ਼ਨ ਯੂਰਪ ਦੀ ਇਸ ਸੋਚ ਨੂੰ ਸਲੂਟ ਕਰਦਾ ਹਾਂ।





























