
ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ ਤੇ ਪੁਲਿਸ ਕਾਊਂਟਰ ਪਾਰਟਸ ਨੇ ਲਿਆ ਹਿੱਸਾ
ਜਲੰਧਰ, ਐਚ ਐਸ ਚਾਵਲਾ। ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ’ਤੇ ਅੱਜ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਪੁਲਿਸ ਕਾਊਂਟਰ ਪਾਰਟਸ ਨੂੰ ਵਲਨਰਬਿਲਟੀ ਮੈਪਿੰਗ ਵਿਸ਼ੇ ’ਤੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ 2 ਟ੍ਰੇਨਿੰਗ ਸੈਸ਼ਨਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸਟੇਟ ਲੈਵਲ ਮਾਸਟਰ ਟ੍ਰੇਨਰ ਮੇਜਰ ਡਾ. ਅਮਿਤ ਮਹਾਜਨ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਪੁਲਿਸ ਕਾਊਂਟਰ ਪਾਰਟਸ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੇ ਕਾਰਜ ਖੇਤਰ ਬਾਰੇ ਜਾਣੂ ਕਰਵਾਇਆ।

ਟ੍ਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਵਲਨਰਬਿਲਟੀ ਕੰਸੈਪਟ, ਲੀਗਲ ਫਰੇਮਵਰਕ, ਸਟੇਜਸ ਆਫ ਵਲਨਰਬਿਲਟੀ, ਸੈਕਟਰ ਅਫ਼ਸਰਾਂ ਦੀ ਜ਼ਿੰਮੇਵਾਰੀ, ਰਿਪੋਰਟਿੰਗ ਅਤੇ ਟਾਈਮਲਾਈਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਲਨਰਬਿਲਟੀ ਮੈਪਿੰਗ ਦੌਰਾਨ ਪੂਰੀ ਜਾਣਕਾਰੀ ਸਹੀ ਢੰਗ ਨਾਲ ਦਰਜ ਕੀਤੀ ਜਾਵੇ ਅਤੇ ਆਪੋ-ਆਪਣੇ ਖੇਤਰ ਦਾ ਵਿਅਕਤੀਗਤ ਤੌਰ ’ਤੇ ਦੌਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਟ੍ਰੇਨਿੰਗ ਦੌਰਾਨ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, 184 ਸੈਕਟਰ ਅਫ਼ਸਰਾਂ, ਪੁਲਿਸ ਕਾਊਂਟਰ ਪਾਰਸਟ ਵਿੱਚ ਸ਼ਾਮਲ 10 ਡੀ.ਐਸ.ਪੀ. ਤੇ ਏ.ਸੀ.ਪੀਜ਼ ਅਤੇ 29 ਐਸ.ਐਚ.ਓਜ਼ ਨੇ ਭਾਗ ਲਿਆ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।





























