
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, ਆਈ.ਪੀ.ਐਸ.. ਪੁਲਿਸ ਕਮਿਸ਼ਨਰ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ., ਡੀ.ਸੀ.ਪੀ. ਲਾਅ ਐਂਡ ਆਰਡਰ, ਜਲੰਧਰ, ਸ੍ਰੀ ਆਦਿਤਿਆ ਐਸ. ਵਾਰੀਅਰ, ਆਈ.ਪੀ.ਐਸ. ਡੀ.ਸੀ.ਪੀ. ਸਿਟੀ, ਜਲੰਧਰ ਦੀ ਅਗਵਾਈ ਹੇਠ, ਸ੍ਰੀਮਤੀ ਮਨਪ੍ਰੀਤ ਸ਼ਿਹੰਮਾਰ, ਪੀ.ਪੀ.ਐਸ. ਏ.ਡੀ.ਸੀ.ਪੀ. ਇੰਡਸਟਰੀਅਲ ਸਕਿਉਰਟੀ, ਸ਼੍ਰੀਮਤੀ ਮਾਧਵੀ ਸ਼ਰਮਾ, ਪੀਪੀਐਸ, ਏਡੀਸੀਪੀ-2 ਜਲੰਧਰ ਅਤੇ ਸ਼੍ਰੀ ਮਨਮੋਹਨ ਸਿੰਘ, ਪੀਪੀਐਸ, ਏ.ਸੀ.ਪੀ. ਮਾਡਲ ਟਾਊਨ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਰੈਸਟੋਰੈਂਟਾਂ, ਹੋਟਲਾਂ, ਬਾਰਾਂ, ਕੈਫੇਜ਼ ਅਤੇ ਹੋਰ ਈਟਰੀਜ਼ ਦੇ ਮਾਲਕਾਂ ਅਤੇ ਮੈਨੇਜਰਾਂ ਨਾਲ ਕਾਨਫਰੰਸ ਹਾਲ, ਜਲੰਧਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਉਦੇਸ਼ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਣਾ ਸੀ।

ਮੀਟਿੰਗ ਦੌਰਾਨ ਪੁਲਿਸ ਕਮਿਸ਼ਨਰ, ਜਲੰਧਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਜਾਰੀ ਹਦਾਇਤਾਂ/ਆਦੇਸ਼ਾਂ ਦੇ ਅਨੁਸਾਰ ਸ਼ਹਿਰ ਦੇ ਰੈਸਟੋਰੈਂਟਾਂ, ਹੋਟਲਾਂ, ਬਾਰਾਂ, ਕੈਫੇਜ਼ ਅਤੇ ਹੋਰ ਈਟਰੀਜ਼ ਨੂੰ ਆਪਣੇ ਅਦਾਰਿਆਂ ਨੂੰ ‘ਫਾਇਰਆਰਮ-ਫ੍ਰੀ ਜ਼ੋਨ’ ਵਜੋਂ ਰਜਿਸਟਰ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਪਹਿਲ ਤਹਿਤ ਜਿਹੜੇ ਅਦਾਰੇ ਆਪਣੇ ਆਪ ਨੂੰ ‘ਫਾਇਰਆਰਮ-ਫ੍ਰੀ ਜ਼ੋਨ ਵਜੋਂ ਰਜਿਸਟਰ ਕਰਵਾਉਣਗੇ, ਉਨ੍ਹਾਂ ਦੇ ਪਰਿਸਰ ਵਿੱਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਸਬੰਧਤ ਅਦਾਰਿਆਂ ਦੇ ਮਾਲਕਾਂ/ਮੈਨੇਜਰਾਂ ਵੱਲੋਂ ਅਦਾਰੇ ਦੇ ਅੰਦਰ ਅਤੇ ਬਾਹਰ ਇਸ ਸਬੰਧੀ ਸਪੱਸ਼ਟ ਅਤੇ ਪ੍ਰਮੁੱਖ ਨੋਟਿਸ ਲਗਾਉਣਾ ਵੀ ਲਾਜ਼ਮੀ ਹੋਵੇਗਾ, ਤਾਂ ਜੋ ਹਰ ਆਉਣ ਵਾਲੇ ਵਿਅਕਤੀ ਨੂੰ ਇਸ ਪਾਬੰਦੀ ਬਾਰੇ ਜਾਣਕਾਰੀ ਹੋਵੇ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਲਾਪਰਵਾਹੀ ਜਾਂ ਜਾਣਬੁੱਝ ਕੇ ਕੀਤੀ ਗਈ ਫਾਇਰਿੰਗ, ਰੋਡ ਰੇਜ ਦੀਆਂ ਘਟਨਾਵਾਂ ਅਤੇ ਹੋਰ ਵਿਵਾਦਾਂ ਨੂੰ ਗੰਭੀਰ ਘਟਨਾਵਾਂ ਵਿੱਚ ਤਬਦੀਲ ਹੋਣ ਤੋਂ ਰੋਕਣਾ ਅਤੇ ਜਨਤਕ ਥਾਵਾਂ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ।

ਇਸ ਸਬੰਧੀ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ਦੇ ਵੱਖ-ਵੱਖ ਰੈਸਟੋਰੈਂਟਾਂ, ਹੋਟਲਾਂ, ਬਾਰਾਂ, ਕੈਫੇਜ਼ ਅਤੇ ਹੋਰ ਈਟਰੀਜ਼ ਦੇ ਮਾਲਕਾਂ ਅਤੇ ਮੈਨੇਜਰਾਂ ਨਾਲ ਵਨ-ਟੂ-ਵਨ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਇਸ ਪਹਿਲ ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਅਦਾਰਿਆਂ ਦੇ ਮਾਲਕਾਂ ਅਤੇ ਮੈਨੇਜਰਾਂ ਵੱਲੋਂ ਆਪਣੇ ਸੁਝਾਅ ਅਤੇ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਪੁਲਿਸ ਅਤੇ ਕਾਰੋਬਾਰੀ ਅਦਾਰਿਆਂ ਵਿਚਕਾਰ ਸਹਿਯੋਗ, ਸੁਰੱਖਿਆ ਪ੍ਰਬੰਧਾਂ ਅਤੇ ਪਹਿਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਹੋਰ ਲੋੜੀਂਦੇ ਉਪਾਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਟ੍ਰੈਫਿਕ, ਅਮਨ-ਕਾਨੂੰਨ ਅਤੇ ਜਨਤਕ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਖਾਸ ਤੌਰ ‘ਤੇ ਕੈਫੇਜ਼ ਅਤੇ ਰੈਸਟੋਰੈਂਟਾਂ ਵਿੱਚ ਆਉਣ ਵਾਲੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਦੇ ਹੱਲ ਲਈ ਪੁਲਿਸ ਅਤੇ ਕਾਰੋਬਾਰੀ ਅਦਾਰਿਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਰੈਸਟੋਰੈਂਟਾਂ, ਹੋਟਲਾਂ, ਬਾਰਾਂ, ਕੈਫੇਜ਼ ਅਤੇ ਹੋਰ ਈਟਰੀਜ਼ ਦੇ ਮਾਲਕਾਂ ਅਤੇ ਮੈਨੇਜਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਹਿਲ ਵਿੱਚ ਸਰਗਰਮ ਸਹਿਯੋਗ ਦੇਣ ਅਤੇ ਆਪਣੇ ਅਦਾਰਿਆਂ ਨੂੰ ‘ਫਾਇਰਆਰਮ ਫ੍ਰੀ ਜ਼ੋਨ ਵਜੋਂ ਰਜਿਸਟਰ ਕਰਵਾ ਕੇ ਜਲੰਧਰ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸੁਰੱਖਿਅਤ ਮਾਹੌਲ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।















