
ਸਮਾਜ ਸੇਵੀ ਸੰਸਥਾ ਔਰਰ -ਡਾਨ (ਰਜਿ. ਫਰਾਂਸ) ਦੀ ਮਾਇਕ ਸਹਾਇਤਾ ਦਾ ਮੁੱਖ ਸਰੋਤ ਫਰਾਂਸ ਦੇ ਗੁਰਦੁਆਰੇ ਅਤੇ ਸਮੂਹ ਸਾਧ ਸੰਗਤ ਹੀ ਹਨ – ਰਾਜੀਵ ਚੀਮਾ
ਇਹ ਸੰਸਥਾ 2003 ਤੋਂ ਲੈ ਕੇ ਹੁਣ ਤੱਕ 382 ਮਿਰਤਕ ਦੇਹਾਂ ਦਾ ਦਾਹ ਸਸਕਾਰ ਕਰਵਾ ਚੁੱਕੀ ਹੈ – ਦਲਜੀਤ ਸਿੰਘ
ਪੈਰਿਸ, (PRIME INDIAN NEWS) :- ਪੈਰਿਸ ਤੋਂ ਮੀਡੀਏ ਨੂੰ ਜਾਣਕਾਰੀ ਭੇਜਦੇ ਹੋਏ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਰਜਿ. ਫਰਾਂਸ ਦੇ ਮੁਖੀ ਇਕਬਾਲ ਸਿੰਘ ਭੱਟੀ ਸੀਨੀਅਰ ਮੈਂਬਰ ਰਾਜੀਵ ਚੀਮਾ ਅਤੇ ਐਸੋਸੀਏਸ਼ਨ ਇੰਡੀਅਨ ਇਨ ਫਰਾਂਸ ਦੇ ਕਰਤਾ ਧਰਤਾ ਦਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਫਰਾਂਸ ਰਹਿ ਰਹੇ ਜਿਲ੍ਹਾ ਹੁਸ਼ਿਆਰਪੁਰ ‘ਚ ਪੈਂਦੇ ਪਿੰਡ ਦਬੁਰਜੀ ਦੇ ਵਸਨੀਕ 46 ਸਾਲਾ ਯਾਦਵਿੰਦਰ ਸਿੰਘ ਦੀ 20 ਅਪ੍ਰੈਲ ਨੂੰ ਫਰਾਂਸ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਗਈ ਹੈ।
ਇਕਬਾਲ ਸਿੰਘ ਭੱਟੀ ਅਤੇ ਰਾਜੀਵ ਚੀਮਾ ਦੇ ਦੱਸਣ ਮੁਤਾਬਿਕ ਸਾਰੀਆਂ ਕਾਗਜ਼ੀ ਕਰਵਾਈਆਂ ਮੁਕੰਮਲ ਕਰਨ ਉਪਰੰਤ ਯਾਦਵਿੰਦਰ ਸਿੰਘ ਦਾ ਸਸਕਾਰ ਉਸਦੇ ਪਰਿਵਾਰ ਦੀ ਇੱਛਾ ਮੁਤਾਬਿਕ ਫਰਾਂਸ ਵਿੱਚ ਹੀ ਕਰ ਦਿੱਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਫਰਵਰੀ ਅਤੇ ਮਾਰਚ 2024 ਦੇ ਇਨ੍ਹਾਂ ਦੋ ਮਹੀਨਿਆ ਵਿੱਚ ਯਾਦਵਿੰਦਰ ਤੋਂ ਪਹਿਲਾਂ ਸੱਤ ਭਾਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜ਼ੋ ਕਿ ਬਹੁਤ ਹੀ ਚਿੰਤਾਜਨਕ ਗੱਲ ਹੈ | ਇਨ੍ਹਾਂ ਪਹਿਲੀਆਂ ਸੱਤ ਮਿਰਤਕ ਦੇਹਾਂ ਵਿੱਚੋਂ ਸੰਸਥਾ ਔਰਰ ਡਾਨ ਦੇ ਉਪਰਾਲੇ ਸਦਕਾ ਚਾਰ ਮਿਰਤਕਾਂ ਦੇ ਸਸਕਾਰ ਹੋ ਚੁੱਕੇ ਹਨ, ਜਦਕਿ ਆਉਣ ਵਾਲੇ ਹਫਤੇ ਵਿੱਚ ਸੁਰਜੀਤ ਸਿੰਘ ਪਿੰਡ ਟਾਹਲੀ ਜਿਲ੍ਹਾ ਹੁਸ਼ਿਆਰਪੁਰ ਦੀ ਮਿਰਤਕ ਦੇਹ ਭਾਰਤ ਭੇਜੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਪਿੰਡ ਜਲਾਲਪੁਰ ਦਾ ਸਸਕਾਰ ਸੋਮਵਾਰ 22 ਅਪ੍ਰੈਲ ਨੂੰ ਹੋਵੇਗਾ, ਜਦਕਿ ਜਸਵਿੰਦਰ ਸਿੰਘ ਦਿੱਲੀ ਵਾਲੇ ਦਾ ਸਸਕਾਰ ਵੀ ਕਾਨੂੰਨੀ ਅੜਚਨਾਂ ਖ਼ਤਮ ਹੋਣ ਤੋਂ ਬਾਅਦ ਫਰਾਂਸ ਵਿੱਚ ਹੀ ਹੋਵੇਗਾ |
















