ਸ਼੍ਰੀ ਆਤਿਸ਼ ਭਾਟੀਆ, PPS, ACP ਵੈਸਟ ਵੱਲੋਂ ਕਾਰਵਾਈ ਸਬੰਧੀ ਜਾਣਕਾਰੀ ਕੀਤੀ ਗਈ ਸਾਂਝੀ
ਜਲੰਧਰ, ਐਚ ਐਸ ਚਾਵਲਾ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਹਿਤ ਮਿਤੀ 05 ਸਤੰਬਰ 2026 ਨੂੰ ਨਗਰ ਨਿਗਮ ਜਲੰਧਰ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਵਿਕਰਮਜੀਤ ਵਿੱਕੀ ਦੀ ਅਣਅਧਿਕਾਰਤ ਉਸਾਰੀ ਨੂੰ ਡਿਮੋਲਿਸ਼ ਕੀਤਾ ਗਿਆ।
ਇਸ ਸਬੰਧੀ ਸ਼੍ਰੀ ਆਤਿਸ਼ ਭਾਟੀਆ, PPS, ACP ਵੈਸਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਕਰਮਜੀਤ ਵਿੱਕੀ ਵਿਰੁੱਧ ਕੁੱਲ 12 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚੋਂ ਕਈ ਮੁਕੱਦਮਿਆਂ ਵਿੱਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਉਸ ਵਿਰੁੱਧ ਆਖਰੀ ਮੁਕੱਦਮਾ ਜੁਲਾਈ 2026 ਵਿੱਚ ਦਰਜ ਹੋਇਆ ਸੀ। ਉਕਤ ਮਾਮਲੇ ਵਿੱਚ ਉਹ ਮਾਣਯੋਗ ਅਦਾਲਤ ਤੋਂ ਜ਼ਮਾਨਤ ਪ੍ਰਾਪਤ ਕਰਕੇ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ। ਉਹ ਨਾ ਤਾਂ ਫਰਾਰ ਹੈ ਅਤੇ ਨਾ ਹੀ ਭਗੌੜਾ ਐਲਾਨਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਅਣਅਧਿਕਾਰਤ ਉਸਾਰੀ ਨੂੰ ਡਿਮੋਲਿਸ਼ ਕਰਨ ਦੀ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਜਾਂ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਵਿਕਰਮਜੀਤ ਵਿੱਕੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਕੁਝ ਸਮੇਂ ਲਈ ਪੁਲਿਸ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਉਸ ਦੀ ਸਿਹਤ ਸਬੰਧੀ ਸਥਿਤੀ ਨੂੰ ਵੀ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਪੁਸ਼ਟ ਖ਼ਬਰਾਂ, ਅਫਵਾਹਾਂ ਜਾਂ ਗਲਤ ਜਾਣਕਾਰੀ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਪਸ਼ਟੀਕਰਨ ਲਈ ਕੇਵਲ ਕਮਿਸ਼ਨਰੇਟ ਪੁਲਿਸ ਜਲੰਧਰ ਜਾਂ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰਤ ਸਰੋਤਾਂ ਤੋਂ ਹੀ ਪੁਸ਼ਟੀ ਕੀਤੀ ਜਾਵੇ।















