ਪੈਰਿਸ, (PRIME INDIAN NEWS) :- ਮਈ 2005 ਤੋਂ ਰਜਿਸਟਰਡ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ, ਜਿਸ ਦਾ ਰਜਿਸਟਰੇਸ਼ਨ ਤੋਂ ਲੈ ਕੇ ਹੁਣ ਤੱਕ 439 ਮਿਰਤਕ ਦੇਹਾਂ ਦਾ ਕਿਰਿਆ ਕਰਮ ਕਰਨ ਦਾ ਅਹਿਮ ਯੋਗਦਾਨ ਰਿਹਾ, ਦਾ ਵਿਤੀ ਅਕਸ 21 ਸਾਲਾਂ ਤੋਂ ਹੁਣ ਤੱਕ ਲਗਾਤਾਰ ਸਾਫ ਸੁਥਰਾ ਰਿਹਾ ਹੈ। ਰਾਜੀਵ ਚੀਮਾ, ਯਾਦਵਿੰਦਰ ਬਰਾੜ, ਬਿੱਟੂ ਬੰਗੜ ਅਤੇ ਕੁਲਵਿੰਦਰ ਸਿੰਘ ਫਰਾਂਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੇਸ਼ੱਕ ਇਸ ਸੰਸਥਾ ਦੀ ਅੰਦਰੂਨੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ, ਦੇ ਬਾਵਜੂਦ ਕੋਈ ਵੀ ਸ਼ਿਕਾਇਤ ਸੁਣਨ ਨੂੰ ਕਦੇ ਨਹੀਂ ਮਿਲੀ। ਦੂਸਰਾ ਇਸ ਸੰਸਥਾ ਦੇ ਸਹਿਯੋਗੀ ਮੈਂਬਰ, ਫਰਾਂਸ ਦੀ ਸਾਧ ਸੰਗਤ ਦੇ ਸਾਹਿਯੋਗ ਨਾਲ, ਲਾਵਾਰਿਸ ਮਿਰਤਕ ਦੇਹਾਂ ਦੇ ਸਸਕਾਰ ਵਾਸਤੇ ਅਹਿਮ ਯੋਗਦਾਨ ਗਾਹੇ ਬਗਾਹੇ ਤਨ ਮਨ ਅਤੇ ਧਨ ਨਾਲ ਪਾਉਂਦੇ ਰਹਿੰਦੇ ਹਨ। ਇਸ ਤੋਂ ਬਿਨਾਂ ਫਰਾਂਸ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਸਾਧ ਸੰਗਤ ਵੀ ਬਿਨਾਂ ਕਿਸੇ ਭੇਦ ਭਾਵ ਦੇ ਇਸ ਸੰਸਥਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਰਹਿੰਦੀ ਹੈ, ਜਿਸਦਾ ਸਦਕਾ ਇਹ ਸੰਸਥਾ ਪਿਛਲੇ 21 ਸਾਲਾਂ ਤੋਂ ਕਾਰਜ ਕਰਦੀ ਆ ਰਹੀ ਹੈ। ਸੰਸਥਾ ਦੇ ਮੈਂਬਰ ਅਤੇ ਸਹਿਯੋਗੀ, ਜਿੱਥੇ ਫਰਾਂਸ ਦੀਆਂ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ ਕਰਦੇ ਹਨ, ਉਥੇ ਹੀ ਇਹ ਅਪੀਲ ਵੀ ਕਰਦੇ ਹਨ ਕਿ ਅਸੀੰ ਸਾਰੇ ਜਣੇ ਰਲ ਮਿਲ ਕੇ ਸੰਸਥਾ ਦਾ ਲੈਣ ਦੇਣ (ਜਿਹੜਾ ਕਿ ਏਜੰਸੀਆਂ ਦਾ ਉਧਾਰ ਹੈ) ਕਰਨ ਵਿੱਚ ਸਾਥ ਦੇਈਏ। ਇਸਦੇ ਸਬੰਧ ਵਿੱਚ ਇੱਕ ਮੀਟਿੰਗ ਰਾਤ ਦੇ ਖਾਣੇ ਦੇ ਨਾਮ ਉਪਰ ਬਾਦਸ਼ਾਹ ਰੈਸਟੋਰੈਂਟ ਵਿਖ਼ੇ, ਯਾਦਵਿੰਦਰ ਸਿੰਘ ਬਰਾੜ, ਰਾਜੀਵ ਚੀਮਾ, ਬਿੱਟੂ ਬੰਗੜ, ਸੁਰਜੀਤ ਸਿੰਘ ਮਾਣਾ ਅਤੇ ਕੁਲਵਿੰਦਰ ਸਿੰਘ ਫਰਾਂਸ ਦੇ ਸਹਿਯੋਗ ਨਾਲ ਹੋ ਰਹੀ ਹੈ। ਇਸ ਮੀਟਿੰਗ ਵਿੱਚ ਸਰਦਾਰ ਇਕਬਾਲ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਸੰਸਥਾ ਦਾ ਸਾਰਾ ਬਿਊਰਾ ਅਤੇ ਜਰੂਰਤਾਂ ਬਾਰੇ ਵਿਸਥਾਰ ਸਾਹਿਤ ਦੱਸਿਆ ਜਾਵੇਗਾ। ਆਉ ਅਸੀੰ ਸਾਰੇ ਜਣੇ ਰਲ ਮਿਲ ਕੇ ਇਸ ਸਮਾਜਸੇਵੀ ਸੰਸਥਾ ਦੇ ਮੈਂਬਰ ਅਤੇ ਸਹਿਯੋਗੀ ਬਣੀਏ, ਤਾਂ ਕਿ ਪਰਲੋਕ ਸਿਧਾਰਨ ਵਾਲੇ ਅਭਾਗੇ ਨੌਜੁਆਨਾਂ ਦਾ ਕਿਰਿਆ ਕਰਮ ਬਿਨਾਂ ਕਿਸੇ ਵਿਤੀ ਮੁਸ਼ਕਿਲ ਦੇ ਹੋ ਸਕੇ।
ਧੰਨਵਾਦ ਸਹਿਤ ਸੰਸਥਾ ਦੇ ਸਮੂਹ ਅਹੁਦੇਦਾਰ ਅਤੇ ਸਹਿਯੋਗੀ।
















