
ਜਲੰਧਰ, ਐਚ ਐਸ ਚਾਵਲਾ। ਦੇਰ ਰਾਤ ਪਾਕਿਸਤਾਨ ਦੇ ਡਰੋਨ ਹਮਲੇ ‘ਚ ਖੁੱਲ੍ਹੇ ‘ਚ ਸੌਂ ਰਹੇ ਇਕ ਵਿਅਕਤੀ ‘ਤੇ ਡਰੋਨ ਬੰਬ ਡਿੱਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਜਲੰਧਰ ਦੇ ਪਿੰਡ ਕੰਗਣੀਵਾਲ ਦੀ ਹੈ ਜਿੱਥੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜਲੰਧਰ ‘ਚ ਦੇਰ ਰਾਤ ਕਰੀਬ 8 ਧਮਾਕੇ ਹੋਣ ਦੀ ਖਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਲੰਧਰ ਦੇ ਵੱਖ-ਵੱਖ ਇਲਾਕਿਆਂ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਕੈਂਟ, ਪਿੰਡ ਕੰਗਣੀਵਾਲ, ਸ਼ਕਤੀ ਨਗਰ, ਮਾਡਲ ਹਾਊਸ ਇਲਾਕੇ ‘ਚ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਉਕਤ ਇਲਾਕੇ ਲਾਜਪਤ ਨਗਰ ‘ਚ ਜ਼ਬਰਦਸਤ ਧਮਾਕੇ ਹੋਏ ਹਨ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ ਹੈ।

ਇਕ ਤੋਂ ਬਾਅਦ ਇਕ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਸ਼ੁੱਕਰਵਾਰ ਰਾਤ ਕਰੀਬ 1.45 ਵਜੇ ਸ਼ਹਿਰ ‘ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਲਾਕੇ ‘ਚ ਮੁਕੰਮਲ ਬਲੈਕਆਊਟ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਤ 8 ਵਜੇ ਪਾਕਿਸਤਾਨ ਵੱਲੋਂ ਕਰੀਬ 26 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੇ ਕਈ ਸ਼ਹਿਰ ਸ਼ਾਮਲ ਸਨ। ਫ਼ਿਰੋਜ਼ਪੁਰ ‘ਚ ਇਕ ਘਰ ‘ਤੇ ਡਰੋਨ ਹਮਲਾ ਹੋਇਆ ਹੈ, ਜਿਸ ‘ਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਧਮਾਕਿਆਂ ਤੋਂ ਬਾਅਦ ਜਲੰਧਰ ਦੇ ਡੀ.ਸੀ. ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਅਸੀਂ ਕੁਝ ਸਮੇਂ ਲਈ ਬਲੈਕਆਊਟ ਲਗਾ ਦਿੱਤਾ ਹੈ ਕਿਉਂਕਿ ਜਲੰਧਰ ‘ਚ ਕੁਝ ਡਰੋਨ ਦੇਖੇ ਜਾਣ ਦੀ ਖਬਰ ਹੈ। ਸੁਰੱਖਿਆ ਬਲ ਜਾਂਚ ਕਰ ਰਹੇ ਹਨ। ਕਿਰਪਾ ਕਰਕੇ ਸ਼ਾਂਤ ਰਹੋ ਅਤੇ ਬਲੈਕਆਊਟ ਪ੍ਰੋਟੋਕੋਲ ਦੀ ਪਾਲਣਾ ਕਰੋ।





























