ਜਲੰਧਰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ , ਮੁੱਖ ਦੋਸ਼ੀ ਗਿ੍ਫ਼ਤਾਰ – CP ਸਵਪਨ ਸ਼ਰਮਾ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਸਵੇਰੇ ਅਨਾਜ ਮੰਡੀ (ਦਾਣਾ ਮੰਡੀ) ਦੇ ਗੇਟ ਨੰਬਰ ਇੱਕ ਤੋਂ ਇੱਕ ਲਾਸ਼ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਰਜੂ ਕੁਮਾਰ ਉਰਫ ਕਾਲਾ ਵਾਸੀ ਮਕਾਨ ਨੰਬਰ ਬੀ-4/69 ਮੁਹੱਲਾ ਪਰਭਾਤ ਨਗਰ ਵਜੋਂ ਹੋਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿਗਆਨਕ ਅਤੇ ਟੈਕਨਾਲੋਜੀ ਦੇ ਆਧਾਰ ’ਤੇ ਸ਼ੁਰੂ ਕਰ ਦਿੱਤੀ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਘਟਨਾ ਸ਼ਰਾਬ ਪੀਣ ਕਾਰਨ ਦੋ ਦੋਸਤਾਂ –ਮ੍ਰਿਤਕ ਅਤੇ ਕਰਨ ਭਾਟੀਆ ਉਰਫ ਰਿੱਕੀ ਵਾਸੀ ਭ1-695 ਰਾਮ ਨਗਰ ਜਲੰਧਰ ਵਿਚਕਾਰ ਝਗੜਾ ਹੋਇਆ ਸੀ। ਉਨ੍ਹਾਂ ਕਿਹਾ ਕਿ ਟਕਰਾਅ ਵਧ ਗਿਆ ਸੀ ਕਿਉਂਕਿ ਮ੍ਰਿਤਕ ਨੇ ਭੜਕਾਊ ਸ਼ਬਦ ਬੋਲੇ ਸਨ, ਜਿਸ ਦਾ ਮੁਲਜ਼ਮ ਕਰਨ ਭਾਟੀਆ ਨੇ ਹਿੰਸਕ ਜਵਾਬ ਦਿੱਤਾ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਕਰਨ ਜੋ ਕਿ ਪੇਸ਼ੇ ਤੋਂ ਆਟੋ ਡਰਾਿੲਵਰ ਹੈ, ਨੇ ਸਰਜੂ ਨੂੰ ਕਾਬੂ ਕਰ ਲਿਆ ਸੀ ਅਤੇ ਪੀੜਤ ਸਰਜੂ ਦਾ ਮੂੰਹ ਸੀਮਿੰਟ ਦੇ ਭਾਰੀ ਬਲਾਕ ਨਾਲ ਕੁਚਲ ਦਿੱਤਾ ਸੀ ਜਿਸ ਨਾਲ ਪੀੜਤ ਦੀ ਮੌਤ ਹੋ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ 2, ਜਲੰਧਰ ਵਿਖੇ ਮੁਕੱਦਮਾ ਨੰਬਰ 07 ਮਿਤੀ 13-01-2024 ਨੂੰ ਧਾਰਾ 302 ਭ:ਦ ਦਰਜ ਕਰਕੇ ਮੁਲਜ਼ਮ ਕਰਨ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਕਮਿਸ਼ਨਰੇਟ ਪੁਲਿਸ ਦੀ ਹਰ ਤਰ੍ਹਾਂ ਨਾਲ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਦ੍ਰਿੜ ਵਚਨਬੱਧਤਾ ਦੁਹਰਾਈ ਹੈ।
















