
ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੜਦੇ ਪੰਜਾਬ ਨਾਲ ਸਬੰਧਿਤ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਸਰਪ੍ਰਸਤ ਸਰਦਾਰ ਜਸਵੰਤ ਸਿੰਘ ਭਦਾਸ ਦੇ ਸੱਦੇ ਉੱਪਰ ਲਹਿੰਦੇ ਪੰਜਾਬ ਦੇ ਸਿਆਸੀ ਅਤੇ ਉੱਘੇ ਕਾਰੋਬਾਰੀ ਨੇਤਾ ਸਈਅਦ ਖਾਲਿਦ ਜਮਾਲ ਅਤੇ ਚੌਧਰੀ ਅਬਦੁਲ ਕਾਦਿਰ 24 ਅਗਸਤ ਨੂੰ ਹੋਣ ਵਾਲੇ ਕਬੱਡੀ ਟੂਰਨਾਮੈਂਟ ‘ਚ ਮੁੱਖ ਮਹਿਮਾਨ ਹੋਣਗੇ।
ਇਸ ਮੌਕੇ ਇਨ੍ਹਾਂ ਦੋਹਾਂ ਨੇਤਾਵਾਂ ਦੇ ਨਾਲ ਚੌਧਰੀ ਅਰਸ਼ਦ ਰਾਂਝਾ, ਚੌਧਰੀ ਯਾਸਿਰ ਮਹਿਮੂਦ, ਮੁਹੰਮਦ ਰਾਹੀ, ਮਜ਼ਹਰ ਇਕਬਾਲ ਜੱਟ, ਕੇਸ਼ਵ ਸ਼ਕੀਲ, ਮਲਿਕ ਇਰਸ਼ਾਦ ਅਹਿਮਦ ਅਤੇ ਚੌਧਰੀ ਤਾਰੀਕ ਵੜੈਚ ਵੀ ਖਾਸ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕਰਨਗੇ। ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸਭਨਾਂ ਮਾਹਿਮਾਨਾਂ ਦਾ ਢੋਲ-ਨਗਾਰਿਆਂ ਦੀ ਥਾਪ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।
ਸ. ਭੱਟੀ ਨੇ ਦੱਸਿਆ ਕਿ ਬੇਸ਼ੱਕ ਇਹ ਸਾਰੇ ਨੇਤਾ ਪਾਕਿਸਤਾਨ ਮੁਸਲਿਮ ਲੀਗ (ਨਵਾਜ ਸ਼ਰੀਫ ) ਨਾਲ ਸਬੰਧ ਰੱਖਦੇ ਹਨ, ਐਪਰ ਫਰਾਂਸ ‘ਚ ਪੱਕੇ ਤੌਰ ਤੇ ਰਹਿਣ ਦੇ ਬਾਵਜੂਦ ਵੀ ਇਹ ਸਾਰੇ ਜਣੇ ਸਿਆਸਤ ਦੇ ਨਾਲ ਨਾਲ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਖੇਡਾਂ ਦੇ ਨਾਲ ਜੁੜੇ ਹੋਏ ਹਨ, ਜਿਸਦੀ ਕਲੱਬ ਦੇ ਪ੍ਰਬੰਧਕਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ।





























