ਦੇਸ਼ਦੁਨੀਆਂਪੰਜਾਬ

“ਖੇਤ ਬਚਾਓ” ਮੁਹਿੰਮ ਤਹਿਤ ਪਿੰਡ ਅਰਜਨਵਾਲ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ

ਸਾਉਣੀ ਦੀਆਂ ਫਸਲਾਂ ’ਚ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਦਿੱਤੀ ਜਾਣਕਾਰੀ, ਰਸਾਇਣਕ ਕੀਟਨਾਸ਼ਕਾਂ ਦੀ ਥਾਂ ਜੈਵਿਕ ਤਰੀਕੇ ਅਪਣਾਉਣ ਲਈ ਪ੍ਰੇਰਿਆ

ਜਲੰਧਰ, ਐਚ ਐਸ ਚਾਵਲਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ ਅਤੇ ਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ, ਜਲੰਧਰ ਦੇ ਸਹਿਯੋਗ ਨਾਲ ‘ਖੇਤ ਬਚਾਓ’ ਮੁਹਿੰਮ ਤਹਿਤ ਪਿੰਡ ਅਰਜਨਵਾਲ, ਬਲਾਕ ਆਦਮਪੁਰ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 150 ਕਿਸਾਨਾਂ ਨੇ ਭਾਗ ਲਿਆ।

ਸਹਾਇਕ ਪ੍ਰੋਫੈਸਰ ਐਗਰੋਨੋਮੀ, ਕੇ.ਵੀ.ਕੇ. ਜਲੰਧਰ ਡਾ. ਪ੍ਰਭਜੀਤ ਕੌਰ ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਪਰਖ ਆਧਾਰਿਤ ਖਾਦਾਂ ਦੀ ਸਿਫਾਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲਣ ਅਤੇ ਲਾਗਤ ਘਟਾਉਣ ਲਈ ਪ੍ਰੇਰਿਆ।

ਡਾ. ਹਰਵਿੰਦਰ ਸਿੰਘ ਝੋਨੇ ਵਿੱਚ SRBSDV ਅਤੇ ਫਾਲਸ ਸਮੱਟ ਬਿਮਾਰੀ ਦੀ ਪਹਿਚਾਣ, ਰੋਕਥਾਮ ਤੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਸਹਾਇਕ ਨਿਰਦੇਸ਼ਕ, ਐਨ.ਸੀ.ਆਈ.ਪੀ.ਐਮ. ਡਾ. ਪੀ. ਸੀ. ਭਾਰਦਵਾਜ ਨੇ ਆਈ.ਪੀ.ਐਮ. ਰਣਨੀਤੀਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਰਸਾਇਣਕ ਕੀਟਨਾਸ਼ਕਾਂ ਦੀ ਥਾਂ ਜੈਵਿਕ ਤਰੀਕੇ ਅਪਣਾਉਣ ਦੀ ਸਲਾਹ ਦਿੱਤੀ।

ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਸੁਖਚੈਨ ਸਿੰਘ ਨੇ ਕਿਸਾਨਾਂ ਨਾਲ ਸਾਉਣੀ ਦੀਆਂ ਫਸਲਾਂ ਦੀਆਂ ਨਵੀਆਂ ਸਿਫਾਰਸ਼ਸ਼ੁਦਾ ਤਕਨੀਕਾਂ ਸਾਂਝੀਆਂ ਕੀਤੀਆਂ। ਐਗਰੀਕਲਚਰ ਮਾਰਕੀਟਿੰਗ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵੈਲਿਊ ਐਡੀਸ਼ਨ ਤੇ ਐਗਰੋ-ਪ੍ਰੋਸੈਸਿੰਗ ਰਾਹੀਂ ਆਮਦਨ ਵਧਾਉਣ ਦੇ ਤਰੀਕੇ ਦੱਸੇ।

ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਦੀਪ ਸਿੰਘ ਨੇ ਕੀਟਨਾਸ਼ਕਾਂ ਦਾ ਬੋਝ ਘਟਾਉਣ ਲਈ ਟਿਕਾਊ ਖੇਤੀ ਤਕਨੀਕਾਂ ਅਪਣਾਉਣ ਲਈ ਕਿਹਾ। ਮਾਹਰਾਂ ਨੇ ਕਿਸਾਨਾਂ ਨੂੰ ਸੰਤੁਲਿਤ ਪੋਸ਼ਣ ਪ੍ਰਬੰਧਨ, ਆਈ.ਪੀ.ਐਮ. ਅਤੇ ਵਿਗਿਆਨਕ ਤਕਨੀਕਾਂ ਅਪਣਾ ਕੇ ਖੇਤੀ ਨੂੰ ਲਾਭਕਾਰੀ ਤੇ ਟਿਕਾਊ ਬਣਾਉਣ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਮੌਕੇ ’ਤੇ ਜਵਾਬ ਦਿੱਤੇ ਗਏ।

Related Articles

Leave a Reply

Your email address will not be published. Required fields are marked *

Back to top button