
ਪੈਰਿਸ, (PRIME INDIAN NEWS) :- ਜਲੰਧਰ ‘ਚ ਲੂੰਅ ਕੰਡੇ ਖੜ੍ਹੇ ਕਰਨ ਵਾਲੀ ਜਿਹੜੀ ਘਟਨਾ (13 ਸਾਲਾ ਕੁੜੀ ਦਾ ਬਲਾਤਕਾਰ ਕਰਨ ਮਗਰੋਂ ਕਤਲ) ਪਿਛਲੇ ਦਿਨੀਂ ਵਾਪਰੀ ਸੀ, ਦੀ ਫਰਾਂਸ ਦੇ ਉੱਘੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਸਖ਼ਤ ਲਫ਼ਜ਼ਾਂ ‘ਚ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਤਾਂ ਅਸੀ ਇਹ ਕਹਿੰਦੇ ਨਹੀਂ ਥੱਕਦੇ ਕਿ ਬਿਹਾਰ ਅਤੇ ਯੂਪੀ ਦੇ ਬਸ਼ਿੰਦਿਆਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਲੋਕ ਪੰਜਾਬ ‘ਚ ਕਤਲੋਗਾਰਤ ਅਤੇ ਬਲਾਤਕਾਰਾਂ ਦੇ ਦੋਸ਼ੀ ਬਣਦੇ ਜਾ ਰਹੇ ਹਨ। ਐਪਰ ਇਸ ਨੰਨੀ ਬੱਚੀ ਦੀ ਜਾਨ ਜਾਣ ਤੋਂ ਬਾਅਦ ਲੱਗਦੈ, ਕੁਝ ਵਹਿਸ਼ੀ ਕਿਸਮ ਦੇ ਪੰਜਾਬੀ ਵੀ ਇਹੋ ਜਿਹੀਆਂ ਘਿਨਾਉਣੀਆਂ ਵਾਰਦਾਤਾਂ ਵਿੱਚ ਸ਼ਾਮਿਲ ਹੋਏ ਹਨ, ਜੋ ਕਿ ਨਾ ਕਾਬਿਲੇ ਬਰਦਾਸ਼ਤ ਹੈ।

ਰਾਮ ਸਿੰਘ ਮੈਗੜਾ ਨੇ ਕਿਹਾ ਕਿ ਲੜਕੀ ਗਾਇਬ ਹੋਣ ਉਪਰੰਤ, ਜਿਹੜੀ ਫੁਰਤੀ ਮੁਹੱਲੇ ਦੇ ਲੋਕਾਂ ਨੇ, ਸੀ.ਸੀ.ਟੀ.ਵੀ ਫੁਟੇਜ ਦੇਖਣ ਉਪਰੰਤ ਦਿਖਾਈ ਸੀ, ਉਸਨੂੰ ਮੌਕੇ ਤੇ ਪਹੁੰਚੀ ਲੋਕਲ ਪੁਲਿਸ 15 ਕੁ ਮਿੰਟਾਂ ਦੀ ਛੋਟੀ ਜਿਹੀ ਛਾਣ ਬੀਣ ਉਪਰੰਤ ਵਾਪਿਸ ਚਲੀ ਗਈ, ਜਿਸ ਕਰਕੇ ਪੁਲਿਸ ਦੀ ਲਾ ਪਰਵਾਹੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਗੁਸੈਲੇ ਮਨ ਨਾਲ ਮੀਡੀਆ ਨੂੰ ਕਿਹਾ ਕਿ, ਪੁਲਿਸ ਨੂੰ ਵੀ ਆਪਣੀ ਛਵੀ ਸੁਧਾਰਦੇ ਹੋਏ, ਇਹੋ ਜਿਹੇ ਮੌਕਿਆਂ ਤੇ, ਅਣਗਹਿਲੀ ਦੀ ਜਗ੍ਹਾ, ਫਰਜ ਨੂੰ ਅਪਨਾਉਣਾ ਚਾਹੀਦਾ ਹੈ, ਤਾਂ ਕਿ ਇਹੋ ਜਿਹੀਆਂ ਘਟਨਾਵਾਂ ‘ਚ ਕਮੀ ਆ ਸਕੇ ਅਤੇ ਲੋਕ ਪੁਲਿਸ ਤੇ ਹੋਰ ਜਿਆਦਾ ਵਿਸ਼ਵਾਸ਼ ਕਰ ਸਕਣ।
ਰਾਮ ਸਿੰਘ ਮੈਗੜਾ ਨੇ ਇਸ ਘਿਨਾਉਣੀ ਹਰਕਤ ਦੀ ਸਖ਼ਤ ਨਿਖੇਧੀ ਕਰਦੇ ਹੋਏ, ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਵਹਿਸ਼ੀ ਦਰਿੰਦੇ ਤੇ, ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ, ਕਾਨੂੰਨੀ ਕਾਰਵਾਈ ਤਹਿਤ, ਜਲਦ ਤੋਂ ਜਲਦ ਫਾਂਸੀ ਤੇ ਲਟਕਾਇਆ ਜਾਵੇ, ਤਾਂ ਕਿ ਕੋਈ ਹੋਰ ਸਿਰਫਿਰਿਆ ਅਤੇ ਕਾਮਵਾਸ਼ਨਾ ‘ਚ ਅੰਨ੍ਹਾ ਵਿਅਕਤੀ, ਇਹੋ ਜਿਹੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਕਿ ਇਸ ਜੁਰਮ ਦੀ ਸਜ਼ਾ ਸਿਰਫ ਤੇ ਸਿਰਫ ਫਾਂਸੀ ਹੀ ਹੈ, ਤਾਂ ਹੀ ਜੁਰਮ ਘਟਣਗੇ, ਵਰਨਾ ਲੋਕਾਈ ਦਾ ਰੱਬ ਹੀ ਰਾਖਾ ਹੈ।
















