
* ਤੁਹਾਡਾ ਝਾੜੂ ਲਈ ਦਬਾਇਆ ਗਿਆ 1-1 ਬਟਨ ਦੇਸ਼ ‘ਚੋਂ ਤਾਨਾਸ਼ਾਹੀ ਖਤਮ ਕਰਨ ਵੱਲ ਜਾਏਗਾ – ਭਗਵੰਤ ਸਿੰਘ ਮਾਨ
* ਕਿਹਾ- ਲੋਕਤੰਤਰ ਦੀ ਰਾਖੀ ਲਈ ਪਵਨ ਟੀਨੂੰ ਸੰਸਦ ‘ਚ ਗੂੰਜੇਗਾ
* ਸੀ.ਐਮ. ਮਾਨ ਦੀ ਗੁਰਾਇਆ, ਨਕੋਦਰ, ਜਲੰਧਰ ਛਾਉਣੀ, ਆਦਮਪੁਰ ‘ਚ ਫੇਰੀ ਨੇ ਪਵਨ ਟੀਨੂੰ ਨੂੰ ਜਿੱਤ ਦੇ ਨੇੜੇ ਲਿਆਂਦਾ
* ਲੇਸੜੀਵਾਲ ਤੇ ਉਦੇਸੀਆਂ ਵਿੱਚ ਅਨੇਕਾਂ ਅਕਾਲੀ ਲੀਡਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਜਲੰਧਰ, (PRIME INDIAN NEWS) :- ‘ਵੀਰੋ, ਅੱਜ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਦਾ ਬਣਾਇਆ ਸੰਵਿਧਾਨ ਖਤਰੇ ਵਿੱਚ ਹੈ, ਤੁਹਾਡਾ ਆਮ ਆਦਮੀ ਪਾਰਟੀ ਨੂੰ ਪਾਇਆ 1-1 ਵੋਟ ਤਾਨਾਸ਼ਾਹੀ ਨੂੰ ਖਤਮ ਕਰਨ ਵੱਲ ਵਧੇਗਾ ਅਤੇ ਪਵਨ ਟੀਨੂੰ ਜਿਹੇ ਨੌਜਵਾਨ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਲੋਕਤੰਤਰ ਦੀ ਆਵਾਜ਼ ਬਣਕੇ ਗੂੰਜਣਗੇ’ ਉਕਤ ਸ਼ਬਦ ਅੱਜ ਫਿਲੌਰ ਸ਼ਹਿਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਪਣੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੇ ਹੱਕ ਵਿੱਚ ਹੋਏ ਵਿਸ਼ਾਲ ਰੋਡ ਸ਼ੋਅ ਦੌਰਾਨ ਪ੍ਰਗਟ ਕੀਤੇ ਗਏ |


ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਉਮੀਦਵਾਰ ਪਵਨ ਟੀਨੂੰ ਵੱਲੋਂ ਸ. ਮਾਨ ਦਾ ਸਵਾਗਤ ਕਰਦੇ ਹੋਏ ਜਦੋਂ ਨਾਅਰਾ ਲਗਾਇਆ- ‘ਪੰਜਾਬ ਬਣੇਗਾ ਹੀਰੋ-ਨਤੀਜਾ ਆਏਗਾ 13-ਜੀਰੋ’, ਤਾਂ ਵੱਡੀ ਗਿਣਤੀ ਵਿੱਚ ਖੜ੍ਹੇ ਦਰਸ਼ਕਾਂ ਨੇ ਨਾਅਰੇ ਲਗਾ ਕਿ ਇਸ ਦਾ ਸਵਾਗਤ ਕੀਤਾ |
ਇਸ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਭਾਸ਼ਨ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੋ ਰਾਹ ਦੇਖਣੇ ਹਨ ਜਿਨ੍ਹਾਂ ਵਿੱਚੋਂ ਇੱਕ ਰਾਹ ਤਾਨਾਸ਼ਾਹੀ, ਹੰਕਾਰ, ਲੋਕਤੰਤਰ ਨੂੰ ਖਤਰੇ ਵੱਲ ਜਾਂਦਾ ਹੈ ਜਦੋਂ ਕਿ ਦੂਜਾ ਰਾਹ ਵਿਕਾਸ ਵੱਲ, ਚੰਗੇਰੇ ਸਕੂਲਾਂ, ਹਸਪਤਾਲਾਂ ਵੱਲ, ਗਰੀਬਾਂ ਦੇ ਬੱਚਿਆਂ ਨੂੰ ਅਫਸਰ ਬਣਾਉਣ ਵੱਲ ਜਾਂਦਾ ਹੈ ਅਤੇ ਉਨ੍ਹਾਂ ਦਾ ਯਕੀਨ ਹੈ ਕਿ ਪੰਜਾਬ ਦੇ ਸਿਆਣੇ ਲੋਕ ਵਿਕਾਸ ਵਾਲਾ ਦੂਜਾ ਰਾਹ ਚੁਣ ਕੇ ਪਹਿਲੀ ਜੂਨ ਨੂੰ ਝਾੜੂ ਦਾ ਬਟਨ ਦਬਾਉਣਗੇ | ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀਵਰੇਜ਼ ਸਿਸਟਮ ਸਮੇਤ ਅਨੇਕਾਂ ਵਿਕਾਸ ਦੇ ਕੰਮ ਕਰਨ ਵਾਲੇ ਹਨ ਜੋ ਤੁਹਾਡੇ ਵੱਲੋਂ 13-0 ਦਾ ਫਤਿਹਨਾਮਾ ਮਿਲਦੇ ਹੀ ਫਿਰ ਤੋਂ ਪੂਰੀ ਰਫਤਾਰ ਨਾਲ ਸ਼ੁਰੂ ਹੋ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦਿੱਲੀ ਸਮੇਤ ਆਪਣੀਆਂ ਸਬੰਧਤ ਸਾਰੀਆਂ ਸੀਟਾਂ ਤੋਂ ਜਿੱਤ ਰਹੀ ਹੈ।
ਇਸ ਦੌਰਾਨ ਸ਼੍ਰੀ ਪਵਨ ਟੀਨੂੰ ਨੇ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ 1 ਜੂਨ ਦੇ ਸ਼ਾਮ 5 ਵਜੇ ਤਕ ਪਹਿਰੇਦਾਰੀ ਕਰੋ ਉਸ ਤੋਂ ਬਾਅਦ ਤੁਹਾਡੇ ਵਿਕਾਸ ਦੀ ਜਿੰਮੇਵਾਰੀ ਮਾਨ ਸਾਹਿਬ ਦੇ ਨਾਲ ਮੇਰੀ ਹੋਏਗੀ, ਅਸੀਂ ਪਹਿਰੇਦਾਰੀ ਕਰਾਂਗੇ ਅਤੇ ਤੁਸੀਂ ਨਿਸ਼ਚਿੰਤ ਹੋਵੋਗੇ |
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੀ ਜਦੋਂ ਹਲਕਾ ਆਦਮਪੁਰ ਦੇ ਪਿੰਡ ਲੇਸੜੀਵਾਲਾ ਵਿੱਚ ਪਰਮਜੀਤ ਸਿੰਘ ਵਿਰਦੀ, ਕੁਲਦੀਪ ਕੁਮਾਰ, ਦਿਲਬਰ ਮਾਨ, ਇੰਦਰਜੀਤ, ਰਮੇਸ਼ ਕੁਮਾਰ, ਮੰਗਲ ਦਾਸ ਆਦਿ ਆਗੂ ਤੇ ਉਨ੍ਹਾਂ ਦੇ ਹਿਮਾਇਤੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਇਸੇ ਤਰ੍ਹਾਂ ਪਿੰਡ ਉਦੇਸੀਆਂ ਵਿੱਚ ਵੀ ਸਰਪੰਚ ਨਰਿੰਦਰ ਪਾਲ, ਸੁਰਿੰਦਰ ਪਾਲ, ਸੋਹਨ ਲਾਲ, ਮੋਹਨ ਲਾਲ, ਕੁਲਵਿੰਦਰ ਲਾਲ, ਹਰਜਿੰਦਰ ਸਿੰਘ, ਗੁਰਦਿਆਲ, ਅਵਤਾਰ ਸਿੰਘ, ਗੌਰਵ ਕੁਮਾਰ ਆਦਿ ਆਗੂ ਤੇ ਉਨ੍ਹਾਂ ਦੇ ਹਿਮਾਇਤੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਅੱਜ ਦੇ ਵੱਡੇ ਤੇ ਪ੍ਰਭਾਵਸ਼ਾਲੀ ਰੋਡ ਸ਼ੋਅਜ਼ ਦੌਰਾਨ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬਲਕਾਰ ਸਿੰਘ, ਅਸ਼ਵਨੀ ਅਗਰਵਾਲ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ, ਸਟੀਫਨ ਕਲੇਰ ਜਿਲ੍ਹਾ ਪ੍ਰਧਾਨ ਦਿਹਾਤੀ, ਪਿੰ੍ਰ: ਪ੍ਰੇਮ ਕੁਮਾਰ ਇੰਚਾਰਜ ਹਲਕਾ ਫਿਲੌਰ, ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ, ਹਲਕਾ ਇੰਚਾਰਜ ਜਲੰਧਰ ਛਾਉਣੀ ਰਾਜਵਿੰਦਰ ਕੌਰ, ਵਿਧਾਇਕ ਰਮਨ ਅਰੋੜਾ, ਹਲਕਾ ਇੰਚਾਰਜ ਜਲੰਧਰ ਵੈਸਟ ਮੋਹਿੰਦਰ ਭਗਤ, ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ ਤੇ ਹੋਰ ਬਹੁਤ ਸਾਰੇ ਵਰਕਰ ਸਾਹਿਬਾਨ ਤੇ ਆਗੂ ਸਾਹਿਬਾਨ ਹਾਜਰ ਸਨ।





























