ਦੇਸ਼ਦੁਨੀਆਂਪੰਜਾਬ

ਖਰਚਾ ਨਿਗਰਾਨ ਵੱਲੋਂ ਐਮ.ਸੀ.ਐਮ.ਸੀ. ਦਾ ਦੌਰਾ , ਅਧਿਕਾਰੀਆਂ ਤੇ ਮੈਂਬਰਾਂ ਨੂੰ ਸੋਸ਼ਲ ਮੀਡੀਆ/ਪੇਡ ਨਿਊਜ਼ ਤੇ ਇਸ਼ਤਿਹਾਰਾਂ ’ਤੇ ਬਾਜ਼ ਨਜ਼ਰ ਰੱਖਣ ਦੀਆਂ ਹਦਾਇਤਾਂ

ਜਲੰਧਰ, ਐਚ ਐਸ ਚਾਵਲਾ। ਭਾਰਤ ਚੋਣ ਕਮਿਸ਼ਨ ਵੱਲੋਂ 04-ਜਲੰਧਰ ਲੋਕ ਸਭਾ ਹਲਕਾ (ਅ.ਜ.) ਲਈ ਨਿਯੁਕਤ ਖਰਚਾ ਨਿਗਰਾਨ 2009 ਬੈਚ ਦੇ ਆਈ.ਆਰ.ਐਸ. ਅਧਿਕਾਰੀ ਮਾਧਵ ਦੇਸ਼ਮੁਖ ਨੇ ਅੱਜ ਮੀਡੀਆ ਸਰਟੀਫਿਕੇਸ਼ਨ ਤੇ ਨਿਗਰਾਨ ਸੈੱਲ (ਐਮ.ਸੀ.ਐਮ.ਸੀ.) ਦਾ ਦੌਰਾ ਕਰਦਿਆਂ ਅਧਿਕਾਰੀਆਂ ਤੇ ਮੈਂਬਰਾਂ ਨੂੰ ਸੋਸ਼ਲ ਮੀਡੀਆ, ਪੇਡ ਨਿਊਜ਼ ਤੇ ਇਸ਼ਤਿਹਾਰਾਂ ’ਤੇ ਬਾਜ਼ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ।

ਖਰਚਾ ਨਿਗਰਾਨ ਨੇ ਵਧੀਕ ਕਮਿਸ਼ਨਰ ਨਗਰ ਨਿਗਮ-ਕਮ-ਨੋਡਲ ਅਫ਼ਸਰ ਜ਼ਿਲ੍ਹਾ ਖਰਚਾ ਨਿਗਰਾਨ ਸੈੱਲ ਅਮਰਜੀਤ ਸਿੰਘ ਸਮੇਤ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ. 14 ਏ ਵਿਖੇ ਸਥਾਪਤ ਐਮ.ਸੀ.ਐਮ.ਸੀ. ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਚੋਣਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ, ਇਸ਼ਤਿਹਾਰਬਾਜ਼ੀ, ਪੇਡ ਨਿਊਜ਼, ਕੰਟੈਂਟ ਸਬੰਧੀ ਵੱਖ-ਵੱਖ ਪ੍ਰਵਾਨਗੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਸੈੱਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਅਖ਼ਬਾਰ, ਰੇਡੀਓ, ਟੀ.ਵੀ., ਸੋਸ਼ਲ ਮੀਡੀਆ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜੇਕਰ ਕਿਸੇ ਉਮੀਦਵਾਰ ਦਾ ਇਸ਼ਤਿਹਾਰ/ਪੇਡ ਨਿਊਜ਼ ਮਿਲਦੀ ਹੈ ਤਾਂ ਉਸ ਨੂੰ ਉਸਦੇ ਚੋਣ ਖ਼ਰਚੇ ਵਿੱਚ ਸ਼ਾਮਲ ਕਰਨ ਲਈ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ, ਜਿਸ ਵਿੱਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਵਿੱਚ ਇਸ਼ਤਿਹਾਰ ਦੇਣ ਲਈ ਐਮ.ਸੀ.ਐਮ.ਸੀ. ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਕਮੇਟੀ ਇਸ ਦੇ ਕੰਟੈਂਟ ਨੂੰ ਵਾਚਣ ਤੋਂ ਇਲਾਵਾ ਇਸ਼ਤਿਹਾਰ ਬਣਾਉਣ ਤੇ ਲਗਾਉਣ ’ਤੇ ਆਏ ਖ਼ਰਚੇ ਬਾਰੇ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ।

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ-ਕਮ-ਮੈਂਬਰ ਸਕੱਤਰ ਐਮ.ਸੀ.ਐਮ.ਸੀ. ਸੁਬੇਗ ਸਿੰਘ ਨੇ ਖਰਚਾ ਨਿਗਰਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਗਠਿਤ ਐਮ.ਸੀ.ਐਮ.ਸੀ. ਵੱਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ, ਇਸ਼ਤਿਹਾਰਬਾਜ਼ੀ ਖ਼ਬਰਾਂ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕੰਮ ਲਈ 40 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਤਿੰਨ ਸ਼ਿਫਟਾਂ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਐਮ.ਸੀ.ਐਮ.ਸੀ. ਸੈੱਲ ਵੱਲੋਂ ਕੰਟੈਂਟ ਸਬੰਧੀ ਹੁਣ ਤੱਕ 13 ਪ੍ਰਵਾਨਗੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

Related Articles

Leave a Reply

Your email address will not be published. Required fields are marked *

Back to top button