
ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਵਿਨੀਤ ਅਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ ( ਤਫਤੀਸ਼) ਅਤੇ ਲਖਵਿੰਦਰ ਸਿੰਘ, ਪੀ.ਪੀ.ਐਸ., ਡੀ.ਐਸ.ਪੀ. ( ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਸੁਨੀਲ ਨਾਟਾ ਫਿਰੋਜ਼ਪੁਰ ਅਤੇ ਡੋਨੀ ਬੱਲ ਗਿਰੋਹ ਨਾਲ ਸੰਬੰਧਤ ਇੱਕ ਮੁੱਖ ਮੈਂਬਰ ਨੂੰ ਕਾਬੂ ਕੀਤਾ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ. ਹਰਵਿੰਦਰ ਸਿੰਘ ਵਿਰਕ, ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਉਰਫ਼ ਸੰਨੀ ਲਾਂਬੜਾ ਇਲਾਕੇ ਵਿੱਚ ਮੌਜੂਦ ਹੈ ਅਤੇ ਵੱਡੇ ਪੱਧਰ ’ਤੇ ਹੈਰੋਇਨ ਤਸਕਰੀ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ 23.05.2026 ਨੂੰ ਐਸ.ਆਈ. ਕਸ਼ਮੀਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੀ ਟੀਮ ਨੂੰ ਲਾਂਬੜਾ ਇਲਾਕੇ ਵਿੱਚ ਭੇਜਿਆ ਗਿਆ।
ਗਸ਼ਤ ਦੌਰਾਨ ਜਦੋਂ ਪੁਲਿਸ ਪਾਰਟੀ ਅੱਡਾ ਪਿੰਡ ਰਾਮਪੁਰ ਲੱਲੀਆਂ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹਾ ਇੱਕ ਨੌਜਵਾਨ ਪੁਲਿਸ ਗੱਡੀ ਨੂੰ ਵੇਖ ਕੇ ਘਬਰਾ ਗਿਆ ਅਤੇ ਨੇੜੇ ਬਣੇ ਖੋਖੇ ਵੱਲ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸਦੇ ਕੋਲ ਮੌਜੂਦ ਕਾਲੇ ਰੰਗ ਦੇ ਸਾਈਡ ਬੈਗ ਵਿੱਚੋਂ 100 ਗ੍ਰਾਮ ਹੈਰੋਇਨ, .32 ਬੋਰ ਦੇ 02 ਪਿਸਟਲ ਅਤੇ 02 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਪੁੱਛਗਿੱਛ ਦੌਰਾਨ ਦੋਸ਼ੀ ਦੀ ਪਹਿਚਾਣ ਸੁੱਚਾ ਸਿੰਘ ਉਰਫ਼ ਸੰਨੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਪੰਜਤੂਰ, ਗੈਸ ਏਜੰਸੀ ਨੇੜੇ, ਥਾਣਾ ਫਤਿਹਗੜ੍ਹ ਪੰਜਤੂਰ, ਜ਼ਿਲ੍ਹਾ ਮੋਗਾ ਵਜੋਂ ਹੋਈ।
ਇਸ ਸਬੰਧੀ ਥਾਣਾ ਲਾਂਬੜਾ, ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਐਫ.ਆਈ.ਆਰ ਨੰਬਰ 67 ਮਿਤੀ 23.05.2026 ਅਧੀਨ ਧਾਰਾ 21ਬੀ-61-85 ਐਨ.ਡੀ.ਪੀ.ਐਸ ਐਕਟ ਅਤੇ 25-54-59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਵੀ ਕਤਲ, ਆਰਮਜ਼ ਐਕਟ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਉਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਅਤੇ 07.03.2026 ਨੂੰ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਨੇ “ਅਭੀ” ਨਾਮਕ ਵਿਅਕਤੀ ਨਾਲ ਮਿਲਕੇ ਦੁਬਾਰਾ ਹੈਰੋਇਨ ਤਸਕਰੀ ਸ਼ੁਰੂ ਕੀਤੀ ਸੀ। ਉਸਨੇ ਇਹ ਵੀ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਅਤੇ ਪਿਸਟਲ ਉਸਨੂੰ ਅਭੀ ਵੱਲੋਂ ਮੁਹੱਈਆ ਕਰਵਾਏ ਗਏ ਸਨ। ਉਕਤ ਅਭੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦੇ ਸੰਪਰਕ ਵਿੱਚ ਹੈ ਅਤੇ ਇਸ ਵੇਲੇ ਜ਼ਮਾਨਤ ’ਤੇ ਆ ਕੇ ਲੁਕਦਾ ਫਿਰ ਰਿਹਾ ਹੈ।
ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਨਸ਼ਾ ਤਸਕਰੀ ਰਾਹੀਂ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਜਾਂਚ ਜਾਰੀ ਹੈ।
















