
ਸ਼ਿਮਲਾ, (PRIME INDIAN NEWS) :- ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਸ਼ਿਮਲਾ ਦੇ ਇੱਕ ਹੋਟਲ ਤੋਂ ਇੱਕ ਔਰਤ ਅਤੇ 4 ਦੋਸਤਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 42 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ ਹੈ।
ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਰੇ ਨਸ਼ੇ ਵਿੱਚ ਸਨ। ਸ਼ਿਮਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪ੍ਰਕਾਸ਼ ਲੰਗਾਹ ਨੂੰ ਹੋਰ ਦੋਸ਼ੀਆਂ ਸਮੇਤ ਸ਼ਿਮਲਾ ਦੇ ਬੱਸ ਸਟੈਂਡ ਨੇੜੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ।
ਸ਼ਿਮਲਾ ਪੁਲਿਸ ਦੇ ਐਸ.ਪੀ. ਸੰਜੀਵ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਨੂੰ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਗਿ੍ਫ਼ਤਾਰ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਕਾਸ਼ ਲੰਗਾਹ ਇਸ ਤੋਂ ਪਹਿਲਾਂ ਵੀ ਨਸ਼ਿਆਂ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਹੁਣ ਉਹ ਚਿੱਟੇ ਸਮੇਤ ਫੜਿਆ ਗਿਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਪਕੜੇ ਗਏ ਮੁਲਜ਼ਮਾਂ ਦੀ ਪਛਾਣ 37 ਸਾਲਾ ਪ੍ਰਕਾਸ਼ ਸਿੰਘ, 27 ਸਾਲਾ ਅਜੇ ਕੁਮਾਰ, 19 ਸਾਲਾ ਅਵਨੀ, 26 ਸਾਲਾ ਸ਼ੁਭਮ ਕੌਸ਼ਲ ਅਤੇ 22 ਸਾਲਾ ਬਲਜਿੰਦਰ ਵਜੋਂ ਹੋਈ ਹੈ। ਇਨ੍ਹਾਂ ‘ਚੋਂ ਲੜਕੀ ਹਿਮਾਚਲ ਦੇ ਕਿਨੌਰ ਦੀ ਰਹਿਣ ਵਾਲੀ ਹੈ, ਜਦਕਿ ਬਾਕੀ ਦੋਸ਼ੀ ਪੰਜਾਬ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਪ੍ਰਕਾਸ਼ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਦਾ ਪੁੱਤਰ ਹੈ, ਜਦੋਂਕਿ ਇੱਕ ਹੋਰ ਮੁਲਜ਼ਮ ਅਜੇ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਹੈ। ਸ਼ਿਮਲਾ ਪੁਲੀਸ ਦੀ ਵਿਸ਼ੇਸ਼ ਟੀਮ ਨੇ ਹੈੱਡ ਕਾਂਸਟੇਬਲ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ। ਸਪੈਸ਼ਲ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਹੋਟਲ ‘ਤੇ ਛਾਪਾ ਮਾਰ ਕੇ ਵੱਡੀ ਸਫਲਤਾ ਹਾਸਲ ਕੀਤੀ।





























