
ਇਹੋ ਜਿਹੇ ਮੌਕਾਪ੍ਰਸਤ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਛੇਕ ਦੇਣਾ ਚਾਹੀਦਾ ਸੀ – ਇਕਬਾਲ ਸਿੰਘ ਭੱਟੀ
ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਸੂਰਵੀਰਾਂ ਅਤੇ ਯੋਧਿਆਂ ਦੀ ਪਾਰਟੀ ਹੈ, ਜਿਸਦੀ ਹੋਂਦ ਸਦਾ ਬਰਕਰਾਰ ਰਹੇਗੀ ਅਤੇ ਕਿਸੇ ਦੇ ਪਾਰਟੀ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਸ. ਹਰਜਾਪ ਸਿੰਘ ਸੰਘਾ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸ. ਇਕਬਾਲ ਸਿੰਘ ਭੱਟੀ ਨੇ ਵੀ ਕਿਹਾ ਕਿ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾਣ ਵਾਲੇ ਇਹੋ ਜਿਹੇ ਮੌਕਾਪ੍ਰਸਤ ਲੀਡਰਾਂ ਨੂੰ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਛੇਕ ਦੇਣਾ ਚਾਹੀਦਾ ਸੀ।
ਉਕਤ ਦੋਵੇਂ ਆਗੂਆਂ ਨੇ ਪਵਨ ਕੁਮਾਰ ਟੀਨੂ ਅਤੇ ਗੁਰਚਰਨ ਸਿੰਘ ਚੰਨੀ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਲੀਡਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਅਤੇ ਨਾਲ ਹੀ ਆਪਣੀ ਸਰਕਾਰ ਦੌਰਾਨ ਅਹਿਮ ਅਹੁਦਿਆਂ ਤੇ ਬਿਰਾਜਮਾਨ ਵੀ ਕੀਤਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਆਪਣੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਦੂਜੀ ਪਾਰਟੀ ਨਾਲ ਜਾ ਰਲੇ ਹਨ। ਹਰਜਾਪ ਸਿੰਘ ਸੰਘਾ ਤੇ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਵਕਤ ਆਉਣ ਤੇ ਦੁਆਬੇ ਦੇ ਲੋਕ ਇਹਨਾਂ ਮੌਕਾਪ੍ਰਸਤ ਲੀਡਰਾਂ ਨੂੰ ਢੁਕਵਾਂ ਜਵਾਬ ਦੇ ਦੇਣਗੇ।
















