Latestਦੁਨੀਆਂਦੇਸ਼ਪੰਜਾਬ

PCMS ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਅਪੀਲ: ਸਰਕਾਰੀ ਕਰਮਚਾਰੀਆਂ ਜਾਇਜ਼ ਮੰਗਾਂ ਦਾ ਕੀਤਾ ਜਾਵੇ ਨਿਪਟਾਰਾ

ਜਲੰਧਰ, ਐਚ ਐਸ ਚਾਵਲਾ। ਪੀ.ਸੀ.ਐਮ.ਐਸ. ਐਸੋਸੀਏਸ਼ਨ ਨੇ ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਰਾਜ ਦੇ ਸਰਕਾਰੀ ਕਰਮਚਾਰੀਆਂ ਦੀ ਜਾਇਜ਼ ਮੰਗਾ ਲਈ ਸ਼ੁਰੂ ਕੀਤੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਦਾ ਪ੍ਰਗਟਾਵਾ ਕੀਤਾ ਸੀ। ਪੀ.ਸੀ.ਐਮ.ਐਸ. ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾ ਰਹੀਆਂ ਜਾਇਜ਼ ਮੰਗਾਂ ਜਿਵੇਂ ਕਿ ਓ.ਪੀ.ਐਸ. ਲਾਗੂ ਕਰਨਾ, ਡੀ.ਏ. ਦੀਆਂ ਕਿਸ਼ਤਾਂ/ਬਕਾਇਆ, ਸਤਵੇ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਦਾ ਨਿਪਟਾਰਾ ਅਤੇ ਠੇਕੇ/ਐਡਹਾਕ/ਆਊਟਸੋਰਸ ਭਰਤੀ ਬੰਦ ਕਰਨ ਦੇ ਮੁੱਦਿਆਂ ਤੇ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹਨਾਂ ਮੰਗਾ ਦਾ ਨਿਪਟਾਰਾ ਕਰੇ।

ਇਸ ਸਬੰਧੀ, ਪੀ.ਐਮ.ਐਸ.ਐਮ.ਯੂ. ਦੀ ਡੀ. ਐਚ. ਐਸ. ਇਕਾਈ ਨੇ 27 ਅਗਸਤ (ਵੀਰਵਾਰ) ਦੀ ਕਾਲ ਵਿੱਚ ਪੀ.ਸੀ.ਐਮ.ਐਸ. ਐਸੋਸੀਏਸ਼ਨ ਤੋਂ ਸ਼ਮੂਲੀਅਤ ਦੀ ਭਾਲ ਕੀਤੀ ਸੀ, ਜਿਸ ਵਿੱਚ ਕਲੈਰੀਕਲ ਅਤੇ ਪੈਰਾਮੈਡੀਕਲ ਸਟਾਫ਼ (ਏ.ਐਨ.ਐਮ., ਸਟਾਫ਼ ਨਰਸਾਂ, ਰੇਡੀਓਗ੍ਰਾਫ਼ਰ, ਐਮ.ਪੀ.ਐਚ.ਡਬਲਿਊ., ਐਮ.ਐਲ.ਟੀ., ਆਪਥਾਲਮਿਕ ਅਫ਼ਸਰ ਅਤੇ ਫਾਰਮੇਸੀ ਅਫ਼ਸਰ) ਦੀ ਨੁਮਾਇੰਦਗੀ ਕਰਨ ਵਾਲੀਆਂ ਐਸੋਸੀਏਸ਼ਨਾਂ/ਯੂਨੀਅਨਾਂ ਨੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਸੀ।

ਇਸ ਉਪਰੰਤ, ਸਾਰੇ ਜ਼ਿਲ੍ਹਾ ਮੁਖੀਆਂ ਨੂੰ ਜ਼ਿਲ੍ਹਾ ਵਾਰ ਪੋਲਿੰਗ ਰਾਹੀਂ ਆਪਣੇ-ਆਪਣੇ ਜ਼ਿਲ੍ਹਾ ਯੂਨਿਟਾਂ ਤੋਂ ਨਿਰਪੱਖ ਪ੍ਰਤੀਕਿਰਿਆ ਇਕੱਠੀ ਕਰਨ ਦਾ ਅਹਿਮ ਕੰਮ ਸੌਂਪਿਆ ਗਿਆ ਸੀ। ਸਾਰੇ ਜ਼ਿਲ੍ਹਾ ਮੁਖੀਆਂ ਨੇ ਆਪਣੇ ਜ਼ਿਲ੍ਹਾ ਵਾਰ ਪੋਲ ਦੇ ਵੇਰਵੇ ਸੂਬਾ ਕਮੇਟੀ ਨੂੰ ਸੌਂਪ ਦਿੱਤੇ ਸਨ। ਇਸ ਤੋਂ ਬਾਅਦ, ਸੂਬਾ ਪੱਧਰੀ ਫੀਡਬੈਕ ਤਿਆਰ ਕੀਤਾ ਗਿਆ, ਜਿਸ ਵਿੱਚ 27 ਅਗਸਤ ਦੀ ਕਾਲ ਵਿੱਚ ਹਿੱਸਾ ਲੈਣ ਦੇ ਹੱਕ ਵਿੱਚ ਸਮੂਹ ਕਾਡਰ ਨੇ ਸਰਵਸੰਮਤੀ ਨਾਲ ਵੋਟ ਪਾਈ।

ਵਿਚਾਰ-ਵਟਾਂਦਰਾ ਅਤੇ ਅਗਲੇ ਐਕਸ਼ਨ ਦੀ ਰੂਪਰੇਖਾ ਤਿਆਰ ਕਰਨ ਲਈ PCMSA ਦੀ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਬਹੁਮਤ ਨਾਲ ਇਹ ਫੈਸਲਾ ਲਿਆ ਗਿਆ ਕਿ ਸੂਬੇ ਦੀਆਂ ਸਾਥੀ ਜਥੇਬੰਦੀਆਂ/ਯੂਨੀਅਨਾਂ ਪ੍ਰਤੀ ਸਮਰਥਨ ਅਤੇ ਇੱਕਜੁੱਟਤਾ ਦੇ ਪ੍ਰਤੀਕ ਵਜੋਂ ਪੀ.ਸੀ.ਐਮ.ਐਸ. ਐਸੋਸੀਏਸ਼ਨ 27 ਅਗਸਤ (ਵੀਰਵਾਰ) ਨੂੰ ਇੱਕ ਦਿਨ ਲਈ ਓ.ਪੀ.ਡੀ. (OPD) ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਅਤੇ ਅਮਲ ਕਰੇਗੀ। ਇਸ ਦੇ ਨਾਲ ਹੀ, 27 ਅਗਸਤ ਨੂੰ ਇਲੈਕਟਿਵ ਸਰਜਰੀਆਂ ਵੀ ਮੁਲਤਵੀ ਰਹਿਣਗੀਆਂ।ਹਾਲਾਂਕਿ ਆਮ ਐਮਰਜੈਂਸੀ ਸੇਵਾਵਾਂ/ਜੱਚਾ ਬੱਚਾ ਸੇਵਾਵਾਂ/ ਐਮਰਜੈਂਸੀ ਸਰਜਰੀਆਂ/ਦਾਖਲ ਮਰੀਜ਼ਾਂ ਦੀ ਭਰਤੀ ਅਤੇ ਇਲਾਜ/ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਨਾਲ ਸਬੰਧਤ ਕੰਮ/ਨਿਆਇਕ ਮੈਡੀਕਲ ਜਾਂਚਾਂ ਪਹਿਲਾਂ ਵਾਂਗ ਚਾਲੂ ਰਹਿਣਗੀਆਂ।

ਇੱਥੇ ਇਹ ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ  ਪੀ.ਸੀ.ਐਮ.ਐਸ. ਐਸੋਸੀਏਸ਼ਨ ਨਾਲ ਲੋਕ-ਪੱਖੀ ਅਤੇ ਕੈਡਰ ਦੇ ਮੁੱਦਿਆਂ ‘ਤੇ ਸਕਾਰਾਤਮਕ ਤੌਰ ਤੇ ਜੁੜੀ ਹੋਈ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਮੁੱਦਿਆਂ ਤੇ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਹਾਲ ਹੀ ਦੇ ਸਮੇਂ ਵਿੱਚ ਸਰਕਾਰ ਦੇ ਇਸ ਸਕਾਰਾਤਮਕ ਰਵੱਈਏ ਨੂੰ ਦੇਖਦੇ ਹੋਏ, ਪੀ.ਸੀ.ਐਮ.ਐਸ. ਐਸੋਸੀਏਸ਼ਨ ਆਸਵੰਦ ਹੈ ਕਿ ਸਰਕਾਰ ਪੂਰੇ ਪੰਜਾਬ ਦੇ ਕਰਮਚਾਰੀ ਸੰਗਠਨਾਂ ਦੀਆਂ ਮੌਜੂਦਾ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਪਹਿਲ ਦੇ ਆਧਾਰ ਤੇ ਹੱਲ ਕਰੇਗੀ।

Related Articles

Leave a Reply

Your email address will not be published. Required fields are marked *

Back to top button