
ਅੰਤਰਰਾਸ਼ਟਰੀ ਕੋਰੀਅਰ ਸੇਵਾ ਰਾਹੀਂ ਚਾਰ ਵੱਖ-ਵੱਖ ਦੇਸ਼ਾਂ ਵਿਚ ਕੀਤੀ ਜਾਂਦੀ ਸੀ ਨਸ਼ੇ ਦੀ ਸਪਲਾਈ
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੋਰੀਅਰ ਏਜੰਸੀ ਰਾਹੀਂ ਚਾਰ ਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ 5 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਰੈਕੇਟ ਵਿੱਚ ਕਈ ਬੰਦੇ ਸਰਗਰਮ ਹਨ ਅਤੇ ਕਰੀਬ ਦੋ ਕੁਇੰਟਲ ਅਫੀਮ ਵਿਦੇਸ਼ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਜਲੰਧਰ ਦਾ ਮਨੀਸ਼ ਉਰਫ ਮਨੀ ਠਾਕੁਰ ਇਸ ਕਾਰਟੇਲ ਦਾ ਸਰਗਨਾ ਹੈ ਅਤੇ ਯੂ.ਕੇ. ਵਿਚ ਰਹਿੰਦਾ ਹੈ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਫੀਮ ਝਾਰਖੰਡ ਤੋਂ ਹੁਸ਼ਿਆਰਪੁਰ ਅਤੇ ਜਲੰਧਰ ਦੇ ਕੋਰੀਅਰ ਆਪਰੇਟਰਾਂ ਨੂੰ ਭੇਜੀ ਜਾਂਦੀ ਸੀ ਅਤੇ ਅੱਗੇ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਦੇ ਅਧਾਰ ‘ਤੇ ਹੁਸ਼ਿਆਰਪੁਰ ਤੋਂ ਅਮਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੋ ਮੋਬਾਈਲ ਸ਼ੋਅਰੂਮ ਚਲਾਉਂਦਾ ਹੈ ਕਿਉਂਕਿ ਉਹ ਝਾਰਖੰਡ ਤੋਂ ਅਫੀਮ ਦੀ ਡਿਲਿਵਰੀ ਕਰਨ ਦਾ ਪੁਆਇੰਟ ਮੈਨ ਸੀ ਅਤੇ ਉਸਨੇ ਹੁਸ਼ਿਆਰਪੁਰ ਦੀ ਇੱਕ ਪੌਸ਼ ਕਲੋਨੀ ਵਿੱਚ ਆਲੀਸ਼ਾਨ ਘਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਜਲੰਧਰ ਦੇ ਰਹਿਣ ਵਾਲੇ ਸੰਨੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦੀ ਆਪਣੀ ਕੋਰੀਅਰ ਸਰਵਿਸ ਹੈ ਅਤੇ ਅਫੀਮ ਨੂੰ ਵੱਖ-ਵੱਖ ਵਜ਼ਨ ਅਤੇ ਮਾਪਾਂ ਵਿਚ ਪੈਕਿੰਗ ਕਰਨ ਦਾ ਧੰਦਾ ਕਰਦਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਅੰਤਮ ਪ੍ਰਾਪਤਕਰਤਾ ਦਾ ਵੇਰਵਾ ਅਤੇ ਪਤਾ ਟਾਂਡਾ, ਹੁਸ਼ਿਆਰਪੁਰ ਦੇ ਰਹਿਣ ਵਾਲੇ ਸ਼ੇਜਲ ਦੁਆਰਾ ਮੁਹੱਈਆ ਕਰਵਾਇਆ ਗਿਆ ਸੀ, ਜੋ ਕਿ ਕੋਰੀਅਰ ਸੇਵਾ ਵੀ ਚਲਾਉਂਦਾ ਹੈ ਅਤੇ ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਕੋਲੋਂ 5 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਅੰਤਰਰਾਸ਼ਟਰੀ ਕੋਰੀਅਰ ਸੇਵਾ ਰਾਹੀਂ ਅਫੀਮ ਨੂੰ ਯੂ.ਕੇ., ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਭੇਜਦੇ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਕਾਰਟੈਲ ਪਿਛਲੇ ਤਿੰਨ ਸਾਲਾਂ ਤੋਂ ਸਰਗਰਮ ਹੈ ਅਤੇ ਇਸ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਅੱਠ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਪਛਾਣੇ ਗਏ ਅਤੇ ਗ੍ਰਿਫਤਾਰ ਕੀਤੇ ਗਏ ਅਪਰਾਧੀ ਵਾਈਟ ਕਾਲਰ ਨੌਕਰੀ ਕਰ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਵੱਡੀ ਜਾਇਦਾਦ ਅਤੇ ਦੌਲਤ ਇਕੱਠੀ ਕਰ ਚੁੱਕੇ ਹਨ। ਨੇ ਕਿਹਾ ਕਿ ਅੰਤਮ ਪ੍ਰਾਪਤਕਰਤਾ ਦੇ ਲਗਭਗ 300 ਪਤਿਆਂ ਦਾ ਪਤਾ ਲਗਾਇਆ ਗਿਆ ਹੈ ਅਤੇ ਅੰਤਰਰਾਸ਼ਟਰੀ ਕੋਰੀਅਰ ਸੇਵਾ ਦੀ ਸਿੱਧੀ ਸ਼ਮੂਲੀਅਤ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਕਸਟਮ ਵਿਭਾਗ ਅਤੇ ਇੰਡੀਆ ਪੋਸਟ ਦੇ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ।





























