
ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਵਾਸੀਆਂ ਦਾ ਸੁਖਬੀਰ ਬਾਦਲ ਦੀ ਅਗਵਾਈ ‘ਚ ਪੂਰਣ ਭਰੋਸਾ – ਸ਼੍ਰੋਮਣੀ ਅਕਾਲੀ ਦਲ ਯੂਰਪ
ਕਿਹਾ – 2027 ‘ਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਕਰੇਗਾ ਜਿੱਤ ਪ੍ਰਾਪਤ, ਪੰਜਾਬ ਮੁੜ ਤੋਂ ਬਣੇਗਾ ਖੁਸ਼ਹਾਲ ਸੂਬਾ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਆਪਣੇ ਫਰਾਂਸ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ, ਜਸਪ੍ਰੀਤ ਸਿੰਘ ਅਟਵਾਲ, ਸੋਨੂੰ ਕਰਨੈਲਗੰਜ , ਸਾਹਿਬ ਸਿੰਘ ਬਾਦਲ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕਰਨੈਲਗੰਜ, ਗੁਰਨਾਮ ਸਿੰਘ ਉਰਫ ਗਿੱਲ ਨੰਗਲ ਲੁਬਾਲਾ ਆਦਿ ਦੇ ਹਵਾਲੇ ਨਾਲ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਿਹੜੇ ਬਾਗੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਰੋਧੀ ਪਾਰਟੀਆਂ ਦੇ ਹੱਥੇ ਚੜ ਚੁੱਕੇ ਹਨ, ਉਹ ਨਵੀਂ ਭਰਤੀ ਦੇ ਨਾਮ ਤੇ ਜਿੰਨੇ ਮਰਜੀ ਪਾਪੜ ਵੇਲ ਲੈਣ, ਸੁਖਬੀਰ ਸਿੰਘ ਬਾਦਲ ਨੂੰ ਢਾਹ ਨਹੀਂ ਲਾ ਸਕਦੇ।
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਾਸੀ ਹੁਣ ਜਾਗ ਚੁੱਕੇ ਹਨ ਅਤੇ ਹੁਣ ਉਹ ਗੁੰਮਰਾਹ ਨਹੀਂ ਹੋਣਗੇ ਕਿਓਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਫ਼ਸਲੀ ਬਟੇਰਿਆਂ ਦੇ ਪੱਲੇ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਵਾਸੀਆਂ ਦਾ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਣ ਭਰੋਸਾ ਹੈ ਅਤੇ ਜਿਸਦੇ ਚਲਦਿਆਂ ਅਗਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ।
ਉਕਤ ਆਗੂਆਂ ਨੇ ਕਿਹਾ ਕਿ ਹੁਣ ਜਿੱਥੇ ਪੰਜਾਬ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਰਨ ਵਾਸਤੇ ਕਮਰਕੱਸੇ ਕੱਸ ਲਏ ਹਨ, ਉਥੇ ਯੂਰਪੀਅਨ ਦੇਸ਼ਾਂ, ਫਰਾਂਸ, ਇਟਲੀ, ਨੌਰਵੇ ਅਤੇ ਸਪੇਨ ਵੱਸਦੇ ਅਕਾਲੀ ਦਲ ਦੇ ਆਗੂਆਂ ਨੇ ਵੀ ਪ੍ਰਣ ਕਰ ਲਿਆ ਹੈ ਕਿ ਹੁਣ ਜੋ ਮਰਜੀ ਹੋ ਜਾਵੇ, ਸ. ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਅਗਲੇ ਮੁੱਖ ਮੰਤਰੀ ਹੋਣਗੇ ਅਤੇ ਸਾਡਾ ਪੰਜਾਬ ਮੁੜ ਤੋਂ ਵਿਕਾਸਸ਼ੀਲ ਅਤੇ ਤਰੱਕੀਆਂ ਵਾਲਾ ਖੁਸ਼ਹਾਲ ਸੂਬਾ ਬਣੇਗਾ।





























