ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਵਾਸਤੇ ਕੀਤੇ ਗਏ ਉਪਰਾਲੇ ਦੀ ਵੀ ਕੀਤੀ ਸ਼ਲਾਘਾ
ਪੈਰਿਸ, (PRIME INDIAN NEWS) :- ਪੰਥਕ ਧਿਰਾਂ ਅਤੇ ਸ. ਸੁਖਬੀਰ ਸਿੰਘ ਵੱਲੋਂ ਪ੍ਰੇਰਿਤ ਕਰਨ ਉਪਰੰਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫ਼ਾ ਵਾਪਿਸ ਲਏ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਅਤੇ ਮਾਸਟਰ ਅਵਤਾਰ ਸਿੰਘ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਸਾਹਿਬ ਨੇ ਪੰਥਕ ਧਿਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਮਾਣ ਰੱਖਿਆ ਹੈ, ਜਿਸਦੀ ਕਿ ਸਾਰਿਆਂ ਨੂੰ ਉਮੀਦ ਵੀ ਸੀ।
ਉਕਤ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਦੀ ਕੀਤੀ ਅਪੀਲ ਨੂੰ ਵੀ ਸ਼ਲਾਘਾਯੋਗ ਉਪਰਾਲਾ ਦੱਸਿਆ।
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਵਕਤ ਦੀ ਨਜਾਕਤ ਨੂੰ ਸਮਝਦੇ ਹੋਏ ਰੁੱਸੇ ਹੋਏ ਅਕਾਲੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਅਤੇ ਚੱਲ ਰਹੀ ਭਰਤੀ ਮੁਹਿੰਮ ਦਾ ਹਿੱਸਾ ਬਣਨ ਦੀ ਵੀ ਅਪੀਲ ਕੀਤੀ ਹੈ। ਸ. ਭੂੰਦੜ ਨੇ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਦੀ ਕੀਤੀ ਅਪੀਲ ਤੋਂ ਤੁਰੰਤ ਬਾਅਦ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੀ ਪੰਥਕ ਏਕਤਾ ਦੀ ਅਪੀਲ ਦਾ ਸਵਾਗਤ ਕੀਤਾ।
ਉਕਤ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਦੀ ਵੀ ਤਾਰੀਫ਼ ਕੀਤੀ, ਜਿਸ ਵਿਚ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਹੋਲੇ ਮਹੱਲੇ ’ਤੇ ਆਪਣੇ ਸੰਦੇਸ਼ ਵਿਚ ਵੀ ਪੰਥਕ ਏਕੇ ਦੀ ਗੱਲ ਕੀਤੀ ਸੀ ਤੇ ਹੁਣ ਵੀ ਉਹਨਾਂ ਉਹੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਥੇਦਾਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ।ਪਹਿਲਾਂ ਵੀ ਸਿੰਘ ਸਾਹਿਬਾਨ ਨੇ ਪੰਥਕ ਏਕੇ ਦੀ ਗੱਲ ਕੀਤੀ ਸੀ ਅਤੇ ਹੁਣ ਜਥੇਦਾਰ ਗੜਗੱਜ ਸਾਹਿਬ ਨੇ ਵੀ ਉਹੀ ਭਾਵਨਾ ਦੁਹਰਾਈ ਹੈ।
ਉਕਤ ਆਗੂਆਂ ਨੇ ਸ. ਭੂੰਦੜ ਵਲੋਂ ਕੀਤੀ ਅਪੀਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਰੁੱਸੇ ਹੋਏ ਸਾਰੇ ਅਕਾਲੀ ਆਗੂ ਪਾਰਟੀ ਵੱਲੋਂ ਆਰੰਭੀ ਭਰਤੀ ਮੁਹਿੰਮ ਦਾ ਹਿੱਸਾ ਬਣਨ, ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਅਤੇ ਜਥੇਬੰਦਕ ਚੋਣਾਂ ਵਾਸਤੇ ਆਪਣੀ ਮਰਜ਼ੀ ਮੁਤਾਬਕ ਭਰਤੀ ਕਰਨ। ਜੇਕਰ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਾਸਤੇ ਹੋਰ ਸਮਾਂ ਚਾਹੀਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਭਰਤੀ ਮੁਹਿੰਮ ਪੂਰੀ ਕਰਨ ਵਾਸਤੇ ਹੋਰ ਸਮਾਂ ਦੇਣ ਵਾਸਤੇ ਵੀ ਤਿਆਰ ਹੈ।
ਉਕਤ ਆਗੂਆਂ ਨੇ ਵੀ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋ ਕੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰੀਏ ਤਾਂ ਜੋ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਮਾਤ ਦਿੱਤੀ ਜਾ ਸਕੇ।
















