
ਜਲੰਧਰ, ਐਚ ਐਸ ਚਾਵਲਾ। 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦੀ ਅਗਵਾਈ ਹੇਠ, ਐਨ.ਸੀ.ਸੀ. ਕੈਡਿਟਾਂ ਅਤੇ ਫੌਜ ਦੇ ਇੰਸਟ੍ਰਕਟਰਾਂ ਨੇ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਮੌਕੇ ਜੰਗੀ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਕਾਰਗਿਲ ਯੁੱਧ 6 ਮਈ 1999 ਨੂੰ ਸ਼ੁਰੂ ਹੋਇਆ ਸੀ। ਦਰਾਸ ਸੈਕਟਰ ਵਿੱਚ 16000 ਤੋਂ 18000 ਫੁੱਟ ਦੀ ਉਚਾਈ ਅਤੇ ਘੱਟੋ-ਘੱਟ ਤਾਪਮਾਨ 30 ਡਿਗਰੀ ਤੱਕ ਅੱਤਵਾਦੀਆਂ ਅਤੇ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜਨ ਵਿੱਚ 82 ਦਿਨ ਲੱਗੇ ਸਨ। ਇਸ ਜੰਗ ਵਿੱਚ ਬਹੁਤ ਸਾਰੇ ਸੈਨਿਕਾਂ ਨੇ ਪਹਿਲਕਦਮੀ, ਬਹਾਦਰੀ, ਅਥਾਹ ਹਿੰਮਤ ਦਿਖਾਈਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਭਾਰਤ ਦੀਆਂ ਵੱਖ-ਵੱਖ ਬਟਾਲੀਅਨਾਂ ਦੇ 527 ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸ੍ਰੀ ਨਗਰ ਅਤੇ ਲੱਦਾਖ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 1ਏ ਨੂੰ ਕੱਟਣ ਦੀ ਗੁਆਂਢੀ ਦੇਸ਼ ਦੀ ਰਣਨੀਤੀ ਅਤੇ ਚਲਾਕੀ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਗਿਆ।


ਸੂਬੇਦਾਰ ਰਾਜਿੰਦਰ ਸਿੰਘ, 8 ਸਿੱਖ, ਜੋ ਕਿ 1999 ਵਿੱਚ ਦਰਾਸ ਜੰਗ ਦੇ ਮੈਦਾਨ ਵਿੱਚ ਆਪਣੀ ਬਟਾਲੀਅਨ ਨਾਲ ਤਾਇਨਾਤ ਸਨ, ਨੇ ਕੈਡਿਟਾਂ ਨਾਲ ਜੰਗ ਦੇ ਮੈਦਾਨ ਵਿੱਚ ਆਪਣੀਆਂ ਅੱਖਾਂ ਨਾਲ ਵੇਖੀਆਂ ਬਹਾਦਰੀ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਕਰਨਲ ਵਿਨੋਦ ਜੋਸ਼ੀ ਨੇ ਦੋਆਬਾ ਕਾਲਜ ਵਿੱਚ ਸੈਨਿਕਾਂ ਦੀ ਪੰਜ ਕਿਲੋਮੀਟਰ ਦੀ ਦੌੜ ਕਰਵਾਈ, ਜਿਸ ਵਿੱਚ ਕੈਡਿਟਾਂ, ਵਿਦਿਆਰਥੀਆਂ ਅਤੇ ਉੱਘੇ ਨਾਗਰਿਕਾਂ ਨੇਵੀ ਭਾਗ ਲਿਆ।
ਹੋਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਜੋਸ਼ੀ ਨੇ ਦੱਸਿਆ ਕਿ ਡੋਗਰਾ ਰੈਜੀਮੈਂਟ ਦੇ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ। ਸਾਰੇ ਪ੍ਰੋਗਰਾਮ ਦਾ ਸੰਚਾਲਨ ਸੂਬੇਦਾਰ ਲਾਭ ਸਿੰਘ ਅਤੇ ਹੌਲਦਾਰ ਪ੍ਰਦੀਪ ਕੁਮਾਰ ਨੇ ਕੀਤਾ। ਕਰਨਲ ਜੋਸ਼ੀ ਨੇ ਦੱਸਿਆ ਕਿ ਕਾਰਗਿਲ ਦਿਵਸ ਮੌਕੇ 38 ਕਾਲਜਾਂ ਅਤੇ ਸਕੂਲਾਂ ਵਿੱਚ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਕਈ ਕਾਲਜਾਂ ਵਿੱਚ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਕਾਰਗਿਲ ਜੰਗ ਦੇ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਸੁਣਾਈਆਂ ਗਈਆਂ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਈ ਐਸੋਸੀਏਟ ਐਨਸੀਸੀ ਅਫਸਰ ਅਤੇ ਭਾਰਤੀ ਫੌਜ ਦੇ ਟ੍ਰੇਨਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।





























