
ਕਿਹਾ – ਅਸੀ ਆਮ ਜਨਤਾ ਦੇ ਸੇਵਾਦਾਰ ਹਾਂ ਅਤੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਸਾਡਾ ਫਰਜ਼
PRIME INDIAN NEWS ✍️H S CHAWLA
ਅੱਜ ਕੱਲ ਦੇਖਿਆ ਜਾਵੇ ਤਾਂ ਹਰ ਮਹਿਕਮੇ ਨੂੰ ਲੈ ਕੇ ਆਮ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਮੌਕੇ ਤੇ ਮੌਜੂਦ ਅਫ਼ਸਰ ਆਮ ਜਨਤਾ ਨੂੰ ਨਹੀਂ ਮਿਲਦੇ ਜਾਂ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ ਪਰ ਇਸਦੇ ਉਲਟ ਇੱਕ ਜ਼ਿੰਦਾ ਮਿਸਾਲ ਜਲੰਧਰ ਕੈਂਟ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਥੇ PSPCL ਦੇ SDO ਹਨੀ ਕੁਮਾਰ ਅਤੇ JE ਰਣਵੀਰ ਸਿੰਘ ਦੀ, ਜੋ ਆਮ ਜਨਤਾ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਕਹਿਰ ਦੀ ਗਰਮੀ ਵਿੱਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਗੌਰਤਲਬ ਹੈ ਕਿ ਪਿਛਲੇ ਦਿਨੀਂ ਆਏ ਹਨੇਰੀ ਅਤੇ ਤੂਫ਼ਾਨ ਕਾਰਣ ਹਰ ਪਾਸੇ ਹੋਏ ਨੁਕਸਾਨ ਦੀ ਜਾਣਕਾਰੀ ਹਾਸਿਲ ਕਰਨ ਲਈ PRIME INDIAN NEWS ਦੀ ਟੀਮ ਵਲੋਂ ਜਲੰਧਰ ਕੈਂਟ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਕਿਓਂਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਦਰੱਖਤ ਬਿਜਲੀ ਸਪਲਾਈ ਦੀਆਂ ਤਾਰਾਂ ਉਪਰ ਡਿਗ ਗਏ ਸਨ, ਜਿਸ ਕਾਰਣ ਕਈ ਦਿਨ ਛੋਟੇ ਮੋਟੇ ਬਿਜਲੀ ਦੇ ਕੱਟ ਲੱਗ ਰਹੇ ਸਨ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ।

ਜਦੋਂ ਕੈਂਟ ਜਵਾਹਰ ਗਾਰਡਨ, ਰੀਗਲ ਸਿਨੇਮਾ ਵਾਲੀ ਰੋਡ ਤੇ ਜਾਂਦੇ ਹੋਏ ਦੇਖਿਆ ਤਾਂ ਜਲੰਧਰ ਕੈਂਟ PSPCL ਦੇ SDO ਹਨੀ ਕੁਮਾਰ ਅਤੇ JE ਰਣਵੀਰ ਸਿੰਘ ਆਪਣੇ ਸਟਾਫ ਨਾਲ ਕਹਿਰ ਦੀ ਗਰਮੀ ਵਿੱਚ ਹੀ ਕਰੇਨ ਦੀ ਮਦਦ ਨਾਲ ਬਿਜਲੀ ਸਪਲਾਈ ਦੀਆਂ ਤਾਰਾਂ ਉਪਰ ਡਿਗੇ ਹੋਏ ਦਰੱਖਤ ਅਤੇ ਟਾਹਣੀਆਂ ਨੂੰ ਕਟਵਾ ਕੇ ਮੁਰੰਮਤ ਕਰਵਾ ਰਹੇ ਸਨ ਤਾਂ ਜੋ ਆਮ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਜਦੋਂ ਇਸ ਸਬੰਧੀ SDO ਹਨੀ ਕੁਮਾਰ ਅਤੇ JE ਰਣਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਹਨੇਰੀ ਅਤੇ ਤੂਫ਼ਾਨ ਆਉਣ ਕਾਰਣ ਇਲਾਕੇ ਅੰਦਰ ਕਾਫੀ ਸਾਰੇ ਦਰੱਖਤ ਬਿਜਲੀ ਦੇ ਖੰਬਿਆਂ ਅਤੇ ਤਾਰਾਂ ਉਪਰ ਡਿਗ ਗਏ ਸਨ, ਜਿਸ ਕਾਰਣ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਸੀ, ਜਿਸਦਾ ਹੱਲ ਕਰਨ ਲਈ ਸਾਡਾ ਸਾਰਾ ਸਟਾਫ ਦਿਨ ਰਾਤ ਇੱਕ ਕਰਕੇ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀ ਆਮ ਜਨਤਾ ਦੇ ਸੇਵਾਦਾਰ ਹਾਂ ਅਤੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਸਾਡਾ ਫਰਜ਼ ਹੈ, ਪਰ ਜੇਕਰ ਕੋਈ ਕੁਦਰਤੀ ਆਫ਼ਤ ਆ ਜਾਵੇ ਜਾਂ ਕੋਈ ਅਣਹੋਣੀ ਹੋ ਜਾਵੇ ਤਾਂ ਆਮ ਜਨਤਾ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ।
PRIME INDIAN NEWS ਦੀ ਟੀਮ ਅਜਿਹੇ ਅਫਸਰਾਂ ਨੂੰ ਦਿਲੋਂ ਸਲਾਮ ਕਰਦੀ ਹੈ। ਜੇਕਰ ਅਜਿਹੇ ਅਫ਼ਸਰ ਹਰ ਮਹਿਕਮੇ ਵਿੱਚ ਹੋਣ ਤਾਂ ਆਮ ਜਨਤਾ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ।





























