
10 ਮੋਬਾਈਲ ਫੋਨ, ਇਕ ਮੋਟਰਸਾਈਕਲ ਅਤੇ ਹਥਿਆਰ ਕੀਤੇ ਬਰਾਮਦ
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਖੋਹ ਕਰਨ ਵਾਲਿਆਂ ਦਾ ਇੱਕ ਗਰੋਹ ਸਰਗਰਮ ਹੈ ਜੋ ਕਿ ਦਾਟ ਦੀ ਵਰਤੋਂ ਕਰਕੇ ਲੋਕਾਂ ਤੋਂ ਕੀਮਤੀ ਸਮਾਨ ਖੋਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਚੋਰੀ ਕੀਤਾ ਸਾਮਾਨ ਕਿਸੇ ਹੋਰ ਨੂੰ ਵੇਚਦਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਨਿਰਧਾਰਤ ਖੇਤਰ ਵਿੱਚ ਚੈਕਿੰਗ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ 40 ਕੁਆਰਟਰਾਂ ਦੇ ਨੇੜੇ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਗੌਰਵ ਉਰਫ ਗੋਰੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਾਲ ਹਸਪਤਾਲ ਆਵਾ ਮੁਹੱਲਾ, ਪ੍ਰਤਾਪ ਬਾਗ ਜਲੰਧਰ, ਰਾਜ ਕੁਮਾਰ ਉਰਫ ਨਾਗਰਾਜ ਪੁੱਤਰ ਅੰਬਿਕਾ ਪਰਸ਼ਾਦ ਵਾਸੀ ਪਿੰਡ ਨਵਾਗੜ੍ਹੀ ਪੀ.ਐੱਸ. ਦਰਗਾਹ ਸ਼ਰੀਫ ਜ਼ਿਲਾ ਬਹਿਰਾਚ ਉੱਤਰ ਪ੍ਰਦੇਸ਼ ਹੁਣ, ਨੇੜੇ ਸਿਟੀ ਰੇਲਵੇ ਸਟੇਸ਼ਨ ਜਲੰਧਰ, ਕੁੰਵਰ ਬਹਾਦਰ ਉਰਫ ਸੋਨੂੰ ਪੁੱਤਰ ਬੋਧ ਬਹਾਦਰ ਵਾਸੀ ਸੰਤੋਸ਼ੀ ਨਗਰ ਨੇੜੇ ਰਾਜੂ ਕਰਿਆਨਾ ਸਟੋਰ ਜਲੰਧਰ ਅਤੇ ਰੋਹਿਤ ਅਰੋੜਾ ਪੁੱਤਰ ਰਾਮ ਸ਼ਰਨ ਦਾਸ ਵਾਸੀ ਮੰਡੀ ਰੋਡ ਨੇੜੇ ਬਾਰਦਾਨਾ ਬਾਜ਼ਾਰ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਖੇ ਐਫਆਈਆਰ ਨੰਬਰ 13 ਮਿਤੀ 27-01-2024 ਅਧੀਨ 379ਬੀ(2),379,411 ਆਈਪੀਸੀ ਦਰਜ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਤੋਂ ਵੱਖ-ਵੱਖ ਬ੍ਰਾਂਡਾਂ ਦੇ 10 ਚੋਰੀ ਕੀਤੇ ਮੋਬਾਈਲ ਫ਼ੋਨ, ਇੱਕ ਮੋਟਰ ਸਾਈਕਲ ਸੀਟੀ-100 ਬਿਨਾਂ ਨੰਬਰ ਦੇ ਅਤੇ ਇੱਕ ਦਾਤ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੌਰਵ, ਕੁੰਵਰ ਬਹਾਦਰ ਅਤੇ ਰੋਹਿਤ ਅਰੋੜਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਪਰ ਰਾਜ ਕੁਮਾਰ ਖ਼ਿਲਾਫ਼ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਪੰਜ ਕੇਸ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ ਹੈ।





























