
4 ਦੋਸ਼ੀ ਗ੍ਰਿਫ਼ਤਾਰ; ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਕਾਰ ਬਰਾਮਦ
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਮਿਸ਼ਨਰ ਆਫ਼ ਪੁਲਿਸ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਜੋਇੰਟ ਸੀਪੀ ਸ਼੍ਰੀ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ.-1 ਸ੍ਰੀਮਤੀ ਅਕਾਰਸ਼ੀ ਜੈਨ ਅਤੇ ਏ.ਸੀ.ਪੀ. ਨੋਰਥ ਸ਼੍ਰੀ ਆਤਿਸ਼ ਭਾਟੀਆ ਦੀ ਦੇਖ-ਰੇਖ ਹੇਠ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਿਊ ਗੁਰੂ ਨਾਨਕ ਨਗਰ ਨੇੜੇ ਨਾਗਰਾ ਫਾਟਕ ਵਿੱਚ ਮਿਤੀ 12.08.2025 ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਦਿੱਤਾ। ਪੁਲਿਸ ਥਾਣਾ ਡਵੀਜਨ ਨੰਬਰ 1 ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਬਰਾਮਦ ਕੀਤੇ ਹਨ।

ਵੇਰਵਾ ਦਿੰਦਿਆਂ, ਸੀ.ਪੀ. ਜਲੰਧਰ ਨੇ ਦੱਸਿਆ ਕਿ ਮੁੱਕਦਮਾ ਨੰਬਰ 147 ਮਿਤੀ 13.08.2025 ਨੂੰ ਧਾਰਾ 103(1), 109, 191(3), 190, 324(4) ਭਾਰਤੀ ਨਿਆਂ ਸੰਹਿਤਾ (BNS) 2023 ਅਤੇ ਧਾਰਾ 25–54–59 ਆਰਮਜ਼ ਐਕਟ ਅਧੀਨ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਇਹ ਮੁੱਕਦਮਾ ਸ਼ਿਕਾਇਤ ਕਰਤਾ ਜਗੀਰੀ ਪੁੱਤਰ ਪਿਆਰਾ ਲਾਲ, ਵਾਸੀ ਅਸ਼ੋਕ ਨਗਰ, ਜਲੰਧਰ ਦੇ ਬਿਆਨ ਤੇ ਦਰਜ ਕੀਤਾ ਗਿਆ।
ਸ਼ਿਕਾਇਤ ਕਰਤਾ ਅਨੁਸਾਰ, 12.08.2025 ਦੀ ਰਾਤ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੇੜੇ ਨਾਗਰਾ ਫਾਟਕ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਚਿੰਤਤ ਹੋ ਕੇ, ਸ਼ਿਕਾਇਤ ਕਰਤਾ ਆਪਣੇ ਛੋਟੇ ਪੁੱਤਰ ਸਾਗਰ ਨਾਲ ਉਸ ਨੂੰ ਲੱਭਣ ਲਈ ਗਿਆ ਤੇ ਓਥੇ ਨੇੜੇ ਖੜ੍ਹੇ ਕੁਝ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇੱਕ ਨੇ ਦਾਤਰ (ਤੇਜ਼ ਧਾਰ ਵਾਲਾ ਹਥਿਆਰ) ਨਾਲ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰ ਕੀਤਾ, ਜਦਕਿ ਹੋਰਨਾਂ ਨੇ ਵੀ ਹਥਿਆਰਾਂ ਨਾਲ ਹਮਲਾ ਕੀਤਾ। ਇੱਕ ਰਾਈਫਲ ਨਾਲ 4–5 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਹੋਰ ਰਿਸ਼ਤੇਦਾਰ ਜ਼ਖ਼ਮੀ ਹੋਏ। ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਸਹਾਇਤਾ ਅਤੇ ਖੂਫੀਆ ਸੋਰਸਾ ਦੀ ਵਰਤੋਂ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ। ਕੁਝ ਘੰਟਿਆਂ ਵਿੱਚ ਹੀ ਚਾਰ ਦੋਸ਼ੀਆਂ ਨੂੰ 1. ਇੰਦਰਜੀਤ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਮਹਾਰਾਜਾ ਗਾਰਡਨ ਜਲੰਧਰ ਉਮਰ ਕ੍ਰੀਬ 19 ਸਾਲ, 2. ਮੱਕੋ ਉਰਫ ਸੌਰਵ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ ਉਮਰ ਕ੍ਰੀਬ 23 ਸਾਲ, 3. ਸੈਮਸਨ ਉਰਫ ਬੌਬੀ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ ਉਮਰ ਕ੍ਰੀਬ 25 ਸਾਲ, ਇੰਦਰਜੀਤ ਸਿੰਘ ਨਿਹੰਗ ਪੁੱਤਰ ਮੱਖਣ ਸਿੰਘ ਵਾਸੀ ਗਲੀ ਨੰਬਰ 4 ਰਵੀਦਾਸ ਨਗਰ ਜਿੰਦਾ ਰੋਡ ਜਲੰਧਰ ਉਮਰ ਕ੍ਰੀਬ 35 ਸਾਲ ਨੂੰ ਸਮੇਤ ਇੱਕ ਰਾਈਫਲ ਅਤੇ ਤਿੰਨ ਖਾਲੀ ਕਾਰਤੂਸਾਂ ਸਮੇਤ ਕਾਰ ਦੇ ਗ੍ਰਿਫ਼ਤਾਰ ਕੀਤਾ।ਵਾਰਦਾਤ ਵਿੱਚ ਸ਼ਾਮਿਲ 1 ਵਿਅਕਤੀ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।
*ਸੀ.ਪੀ. ਨੇ ਕਿਹਾ: “ਅਜਿਹੇ ਗੰਭੀਰ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਦੋਸ਼ੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹਾਂ।”*





























