ਪੰਜਾਬ ਸਰਕਾਰ ਵਿੱਚ ਅਹੁਦੇਦਾਰੀਆਂ ਅਤੇ ਨੌਕਰੀਆਂ ਤੇ ਸੱਭ ਤੋਂ ਪਹਿਲਾ ਹੱਕ ਪੰਜਾਬੀਆਂ ਦਾ, ਨਾ ਕਿ ਗੈਰ ਪੰਜਾਬੀਆਂ ਦਾ।
ਪੈਰਿਸ, (PRIME INDIAN NEWS) :- ਪੰਜਾਬ ‘ਚ ਬਦਲਾਅ ਲਿਆਉਣ ਦਾ ਨਾਅਰਾ ਮਾਰ ਕੇ, ਹੋਂਦ ‘ਚ ਆਈ “ਆਮ ਆਦਮੀ ਪਾਰਟੀ” ਪੰਜਾਬੀਆਂ ਨਾਲ ਵਿਤਕਰੇ ਦੀ ਭਾਵਨਾ ਰੱਖਦੇ ਹੋਏ ਜੋ ਫੈਸਲੇ ਕਰ ਰਹੀ ਹੈ, ਉਸਤੇ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਸਖ਼ਤ ਇਤਰਾਜ਼ ਜਿਤਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸੀਨੀਅਰ ਨੇਤਾਵਾਂ ਕ੍ਰਮਵਾਰ, ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਸਪ੍ਰੀਤ ਸਿੰਘ ਅਟਵਾਲ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ ਅਤੇ ਹਰਦੀਪ ਸਿੰਘ ਬੋਦਲ ਆਦਿ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਤੋਂ ਬੁਰੀ ਤਰ੍ਹਾਂ ਚੋਣਾਂ ਹਾਰੇ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਜਿਹੇ ਫੈਸਲੇ ਕਰ ਰਹੀ ਹੈ, ਜਿਸਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਗੰਦੀ ਰਾਜਨੀਤੀ ਕਰਦੇ ਹੋਏ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਦੀਆਂ ਨਿਯੂਕਤੀਆਂ ਕਰਕੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਆਪ” ਆਗੂ ਸੰਦੀਪ ਪਾਠਕ ਦੇ ਸਾਬਕਾ ਪੀ. ਏ ਦੀਪਕ ਚੌਹਾਨ ਨੂੰ ਵਿਕਾਸ ਬੋਰਡ (ਉਦਯੋਗਿਕ ) ਦਾ ਚੇਅਰਮੈਨ ਅਤੇ ਦਿੱਲੀ ਦੀ ਰਹਿਣ ਵਾਲੀ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲਾਉਣਾ ਕਿਸੇ ਤਰਾਂ ਵੀ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ।
ਉਕਤ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੇ ਕਿਓਂਕਿ ਪੰਜਾਬ ਸਰਕਾਰ ਵਿੱਚ ਅਹੁਦੇਦਾਰੀਆਂ ਅਤੇ ਨੌਕਰੀਆਂ ਤੇ ਸੱਭ ਤੋਂ ਪਹਿਲਾ ਹੱਕ ਪੰਜਾਬੀਆਂ ਦਾ ਹੀ ਬਣਦਾ ਹੈ, ਨਾ ਕਿ ਗੈਰ ਪੰਜਾਬੀਆਂ ਦਾ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਰਵਈਆ ਰਿਹਾ ਤਾਂ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਮੈਦਾਨ ‘ਚ ਕੁੱਦਣ ਤੋਂ ਵੀ ਗੁਰੇਜ਼ ਨਹੀਂ ਕਰੇਗਾ।





























