
ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਜਲੰਧਰ ਦਿਹਾਤੀ ਪੁਲਿਸ ਵੱਲੋਂ ਨੂਰਮਹਿਲ ਇਲਾਕੇ ਵਿੱਚ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ। ਇਹ ਕਾਰਵਾਈ ਗੰਭੀਰ ਅਪਰਾਧਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਕੀਤੀ ਗਈ ਹੈ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਵਿਨੀਤ ਅਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼), ਓਂਕਾਰ ਸਿੰਘ ਬਰਾੜ, ਡੀਐੱਸਪੀ, ਸਬ ਡਿਵਿਜ਼ਨ ਨਕੋਦਰ ਅਤੇ ਇੰਸਪੈਕਟਰ ਪਲਵਿੰਦਰ ਸਿੰਘ, ਐਸ.ਐਚ.ਓ., ਥਾਣਾ ਨੂਰਮਹਿਲ ਦੀ ਅਗਵਾਈ ਹੇਠ ਖ਼ਾਸ ਟੀਮ ਬਣਾਈ ਗਈ। ਟੀਮ ਨੇ ਆਧੁਨਿਕ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਦਿਆਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਡੀਐਸਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ 01 ਮਾਰਚ 2026 ਨੂੰ ਦਲੀਪ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪੱਟੀ ਪੁਰੇਵਾਲ, ਸ਼ੰਕਰ (ਥਾਣਾ ਸਦਰ ਨਕੋਦਰ) ਵੱਲੋਂ ਰਿਪੋਰਟ ਦਰਜ ਕਰਵਾਈ ਗਈ ਕਿ ਉਸਦਾ ਪੁੱਤਰ ਇਕਬਾਲ ਸਿੰਘ ਉਰਫ਼ ਬੱਬਲੂ 28 ਫਰਵਰੀ 2026 ਨੂੰ ਨਕੋਦਰ ਤੋਂ ਪਿੰਡ ਰਾਮਪੁਰ ਵੱਲ ਸਕੂਟਰ ‘ਤੇ ਗਿਆ ਸੀ। ਰਸਤੇ ਵਿੱਚ ਨੂਰਮਹਿਲ ਨੇੜੇ ਨਵੇਂ ਬਣੇ ਹਾਈਵੇ ਦੇ ਕੋਲ ਕੱਚੇ ਰਸਤੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਨੂਰਮਹਿਲ ਵਿਖੇ ਐਫ਼.ਆਈ.ਆਰ. ਨੰਬਰ 32 ਮਿਤੀ 01.03.2026 ਅਧੀਨ ਧਾਰਾ 103 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਪਿਛਲੇ ਲਗਭਗ 17–18 ਸਾਲਾਂ ਤੋਂ ਅਮਰਜੀਤ ਸਿੰਘ ਕੰਗ ਦੇ ਘਰ ਰਹਿ ਰਿਹਾ ਸੀ ਅਤੇ ਘਰ ਦੀ ਦੇਖਭਾਲ ਕਰਦਾ ਸੀ। ਉਥੇ ਹੀ ਕੰਮ ਕਰਦੇ ਸਤਨਾਮ ਸਿੰਘ (ਮਿਸਤਰੀ) ਅਤੇ ਬੱਬਲੂ ਉਰਫ਼ ਲੱਲਾ (ਮਜ਼ਦੂਰ) ਨਾਲ ਉਸਦੇ ਅਕਸਰ ਝਗੜੇ ਰਹਿੰਦੇ ਸਨ, ਜਿਸ ਕਾਰਨ ਰੰਜਿਸ਼ ਬਣ ਗਈ ਸੀ।
28 ਫਰਵਰੀ 2026 ਨੂੰ ਲਗਭਗ ਰਾਤ 8:30 ਵਜੇ ਦੋਸ਼ੀਆਂ ਨੇ ਯੋਜਨਾ ਬਣਾਕੇ ਇਕਬਾਲ ਸਿੰਘ ਨੂੰ ਰਸਤੇ ਵਿੱਚ ਰੋਕ ਲਿਆ, ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਦਰਾਤੀ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਮ੍ਰਿਤਕ ਦਾ ਮੋਬਾਈਲ ਫ਼ੋਨ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਫਰਾਰ ਹੋ ਗਏ।
ਪੁਲਿਸ ਵੱਲੋਂ ਤਕਨੀਕੀ ਜਾਂਚ ਦੀ ਮਦਦ ਨਾਲ 02 ਅਪ੍ਰੈਲ 2026 ਨੂੰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਉਰਫ਼ ਬੱਬਲੂ ਪੁੱਤਰ ਦਲੀਪ ਸਿੰਘ ਵਾਸੀ ਪੱਟੀ ਪੁਰੇਵਾਲ, ਸ਼ੰਕਰ, ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ, ਉਮਰ ਲਗਭਗ 44 ਸਾਲ ਵਜੋਂ ਹੋਈ ਹੈ, ਜੋ ਕਿ ਬੱਬਲੂ ਕਲਾਥ ਹਾਊਸ, ਛੋਟਾ ਬਾਜ਼ਾਰ ਨਕੋਦਰ ਨਾਲ ਸੰਬੰਧਿਤ ਸੀ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮਲੋਵਾਲ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ ਅਤੇ ਬੱਬਲੂ ਉਰਫ਼ ਲੱਲਾ ਪੁੱਤਰ ਰਾਜੂ ਵਾਸੀ ਪੰਡੋਰੀ ਮੋਤੂਆ, ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
















