ਦੇਸ਼ਦੁਨੀਆਂਪੰਜਾਬ

“ਯੁੱਧ ਨਸ਼ਿਆਂ ਵਿਰੁੱਧ” : ਗੜ੍ਹਾ ’ਚ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ

ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ

ਜਲੰਧਰ, ਐਚ ਐਸ ਚਾਵਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਇਕ ਹੋਰ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ ਹੈ।

ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਗੜ੍ਹਾ ਇਲਾਕੇ ਦੇ ਫਗਵਾੜੀ ਮੁਹੱਲੇ ਵਿੱਚ ਇਸ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹਿਆ ਗਿਆ।

ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਨੂੰ ਨਸ਼ਾ ਤਸਕਰਾਂ ਸਾਹਿਲ ਅਟਵਾਲ ਉਰਫ਼ ਕਾਲੀ ਅਤੇ ਸੰਜੀਵ ਅਟਵਾਲ (ਦੋਵੇਂ ਭਰਾ) ਵੱਲੋਂ ਇੱਕ ਗੈਰ-ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ। ਇਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਸਮੇਤ 12 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੀਲੇ ਟੀਕੇ, ਪਾਬੰਦੀਸ਼ੁਦਾ ਗੋਲੀਆਂ ਅਤੇ ਹੈਰੋਇਨ ਦੀ ਭਾਰੀ ਬਰਾਮਦਗੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਮੌਜੂਦਾ ਸਮੇਂ ਜੇਲ੍ਹ ਵਿੱਚ ਬੰਦ ਹੈ ਜਦਕਿ ਸਾਹਿਲ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਢਾਹੀ ਗਈ ਗੈਰ ਕਾਨੂੰਨੀ ਉਸਾਰੀ ਵੀ ਕਥਿਤ ਤੌਰ ‘ਤੇ ਇਸ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਤੋਂ ਪ੍ਰਾਪਤ ਕਮਾਈ ਨਾਲ ਕੀਤੀ ਗਈ ਸੀ।

ਸਹਾਇਕ ਪੁਲਿਸ ਕਮਿਸ਼ਨਰ ਰੂਪਦੀਪ ਕੌਰ ਅਤੇ ਸਹਾਇਕ ਟਾਊਨ ਪਲਾਨਰ ਪੂਜਾ ਮਾਨ ਦੀ ਅਗਵਾਈ ਹੇਠ ਨਗਰ ਨਿਗਮ ਅਤੇ ਪੁਲਿਸ ਟੀਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਨਜਾਇਜ਼ ਕਬਜ਼ੇ ਵਾਲੀ ਉਸਾਰੀ ਨੂੰ ਢਾਹ ਦਿੱਤਾ, ਜਿਸ ਨਾਲ ਇੱਕ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੁਲਿਸ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੋਪੀ ਆਦਤਨ ਅਪਰਾਧੀ ਹਨ, ਜਿਨ੍ਹਾਂ ਵਿੱਚੋਂ ਹਰੇਕ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ (ਐਨ.ਡੀ.ਪੀ.ਐਸ.) ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ 6 ਮਾਮਲੇ ਦਰਜ ਹਨ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈਆਂ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰਾਂ ਨਾਲ ਜੁੜੇ ਗੈਰ-ਕਾਨੂੰਨੀ ਕਬਜ਼ੇ ਢਾਹੁਣਾ ਸ਼ਾਮਲ ਹੈ।

ਕਮਿਸ਼ਨਰੇਟ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਚਨਬੱਧਤਾ ਦੁਹਰਾਈ ਅਤੇ ਨਾਗਰਿਕਾਂ ਨੂੰ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਗਰਗਮ ਸਹਿਯੋਗ ਦੇਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button