ਜਲੰਧਰ, ਐਚ ਐਸ ਚਾਵਲਾ। ਸ਼ਹਿਰ ਵਿੱਚ ਨਸ਼ੇ ਸੰਬੰਧੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੋਰਾਨ ਪੁਲਿਸ ਵਲੋਂ 1 ਕਿਲੋ ਭੁੱਕੀ ਅਤੇ 117 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਉਦੇਸ਼ ਅਧੀਨ ਜਲੰਧਰ ਪੁਲਿਸ ਵਲੋਂ ਪੁਲਿਸ ਸਟੇਸ਼ਨਾਂ ਦੀਆਂ ਟੀਮਾਂ ਬਣਾ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਹਾਲੀਆ ਕਾਰਵਾਈ ਦੌਰਾਨ NDPS Act ਅਧੀਨ 4 ਮੁਕੱਦਮੇ ਦਰਜ ਕਰਕੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ 1 ਕਿਲੋ ਭੁੱਕੀ ਅਤੇ 117 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀ.ਪੀ. ਜਲੰਧਰ ਨੇ ਕਿਹਾ ਕਿ ਉਪਰੋਕਤ ਕਾਰਵਾਈਆਂ ਦੌਰਾਨ ਥਾਣਾ ਸਦਰ ਦੀ ਪੁਲਿਸ ਟੀਮ ਵਲੋਂ 1 ਦੋਸ਼ੀ ਨੂੰ 1 ਕਿਲੋ ਭੁੱਕੀ ਅਤੇ ਥਾਣਾ ਬਸਤੀ ਬਾਵਾ ਖੇਲ ਵਲੋਂ 2 ਦੋਸ਼ੀਆਂ ਨੂੰ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ, ਕਰਾਇਮ ਬ੍ਰਾਂਚ ਜਲੰਧਰ ਦੀ ਪੁਲਿਸ ਟੀਮ ਵਲੋਂ ਇੱਕ ਮਹਿਲਾ ਡਰੱਗ ਪੈਡਲਰ ਨੂੰ 100 ਗ੍ਰਾਮ ਹੈਰੋਇਨ ਅਤੇ ਸ਼ਪੈਸ਼ਲ ਸੈਲ ਦੀ ਪੁਲਿਸ ਟੀਮ ਵਲੋਂ 2 ਦੋਸ਼ੀਆਂ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸ਼ਹਿਰ ਵਿੱਚ ਡਰੱਗ ਮਾਫੀਆ ਦੇ ਜਾਲ ਨੂੰ ਖਤਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹਨ।

ਇਸ ਦੌਰਾਨ, ਨਸ਼ੇ ਦੇ ਆਦੀ 6 ਵਿਅਕਤੀਆਂ ਨੂੰ ਪੁਨਰਵਾਸ ਅਤੇ ਇਲਾਜ ਲਈ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
CP ਧਨਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੇ ਗੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਲਈ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਇਸ ਨਾਲ ਜੁੜੇ ਹਰ ਵਿਅਕਤੀ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।





























