ਦੇਸ਼ਦੁਨੀਆਂਪੰਜਾਬ

SSP ਜਲੰਧਰ ਦਿਹਾਤੀ ਵੱਲੋਂ ਜ਼ਿਲ੍ਹਾ ਕਰਾਈਮ ਰਿਵਿਊ ਮੀਟਿੰਗ ਦੀ ਅਗਵਾਈ

ਨਸ਼ਾ ਤਸਕਰੀ ਵਿਰੁੱਧ ਕਾਰਵਾਈ ਤੇਜ਼ ਕਰਨ, ਨਿਗਰਾਨੀ ਮਜ਼ਬੂਤ ਕਰਨ, ਕਮਿਊਨਿਟੀ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਅਪਰਾਧਿਕ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼

ਜਲੰਧਰ, ਐਚ ਐਸ ਚਾਵਲਾ। ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਪਰਾਧਿਕ ਗਤੀਵਿਧੀਆਂ ਵਿਰੁੱਧ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਵਿਨੀਤ ਆਹਲਾਵਤ, ਆਈ.ਪੀ.ਐਸ., ਐਸ.ਪੀ. (ਤਫਤੀਸ਼), ਤੇਜਬੀਰ ਸਿੰਘ, ਪੀ.ਪੀ.ਐਸ., ਐਸ.ਪੀ. (ਸਥਾਨਿਕ), ਗੁਰਪ੍ਰੀਤ ਸਿੰਘ ਗਿੱਲ, ਪੀ.ਪੀ.ਐਸ., ਐਸ.ਪੀ. (ਪੀ.ਬੀ.ਆਈ./ਆਪਰੇਸ਼ਨਲ) ਸਮੇਤ ਸਮੂਹ ਡੀ.ਐਸ.ਪੀਜ਼, ਐਸ.ਐਚ.ਓਜ਼, ਪੁਲਿਸ ਪੋਸਟ ਇੰਚਾਰਜ ਅਤੇ ਜ਼ਿਲ੍ਹਾ ਪੁਲਿਸ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਨਸ਼ਾ ਤਸਕਰੀ, ਗੈਂਗਸਟਰ ਨੈੱਟਵਰਕ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। SSP ਜਲੰਧਰ ਦਿਹਾਤੀ ਵੱਲੋਂ ਸਮੂਹ ਅਧਿਕਾਰੀਆਂ ਨੂੰ ਰੋਜ਼ਾਨਾ ਵਿਸ਼ੇਸ਼ ਨਾਕਾਬੰਦੀ, ਰਾਤ ਸਮੇਂ ਡੋਮੀਨੇਸ਼ਨ, ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਨਸ਼ਾ ਤਸਕਰਾਂ ਅਤੇ ਭਗੌੜੇ ਮੁਲਜ਼ਮਾਂ (ਪੀ.ਓਜ਼) ਵਿਰੁੱਧ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਜ਼ਮਾਨਤ ’ਤੇ ਰਿਹਾਅ ਵਿਅਕਤੀਆਂ ਦੀ ਨਿਯਮਤ ਤਸਦੀਕ ਅਤੇ ਨਿਗਰਾਨੀ ਯਕੀਨੀ ਬਣਾਉਣ ਲਈ ਵੀ ਕਿਹਾ, ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇ।

SSP ਜਲੰਧਰ ਦਿਹਾਤੀ ਵੱਲੋਂ ਸਮੂਹ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ (ਵੀ.ਡੀ.ਸੀਜ਼) ਦੀਆਂ ਨਿਯਮਤ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਪੁਲਿਸ-ਪਬਲਿਕ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ, ਲੋਕਾਂ ਦੀ ਭਾਗੀਦਾਰੀ ਵਧਾਈ ਜਾ ਸਕੇ ਅਤੇ ਸ਼ੱਕੀ ਗਤੀਵਿਧੀਆਂ ਸਬੰਧੀ ਸਮੇਂ ਸਿਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਨੇ ਅਪਰਾਧਿਕ ਮਾਮਲਿਆਂ ਅਤੇ ਐਫ.ਆਈ.ਆਰਜ਼ ਦੀ ਸਹੀ ਰਜਿਸਟ੍ਰੇਸ਼ਨ, ਪ੍ਰਭਾਵਸ਼ਾਲੀ ਜਾਂਚ ਅਤੇ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।

ਸੜਕ ਸੁਰੱਖਿਆ ’ਤੇ ਜ਼ੋਰ ਦਿੰਦਿਆਂ SSP ਜਲੰਧਰ ਦਿਹਾਤੀ ਵੱਲੋਂ ਅਧਿਕਾਰੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ, ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ, ਲੋੜ ਅਨੁਸਾਰ ਵਾਹਨਾਂ ਨੂੰ ਇੰਪਾਊਂਡ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਇੰਪਾਊਂਡ ਕੀਤੇ ਵਾਹਨਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਨੇ ਦੋ-ਪਹੀਆ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕਰਨ ਅਤੇ ਲੋਕਾਂ ਵਿੱਚ ਸੜਕ ਸੁਰੱਖਿਆ ਤੇ ਟ੍ਰੈਫਿਕ ਨਿਯਮਾਂ ਸਬੰਧੀ ਵਧੇਰੇ ਜਾਗਰੂਕਤਾ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ।

ਇਸ ਤੋਂ ਇਲਾਵਾ, ਐਸ.ਐਸ.ਪੀ. ਜਲੰਧਰ ਦਿਹਾਤੀ ਵੱਲੋਂ ਸਮੂਹ ਗਜ਼ਟਿਡ ਅਧਿਕਾਰੀਆਂ ਨੂੰ ਆਪਣੇ-ਆਪਣੇ ਸਬ-ਡਿਵੀਜ਼ਨਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਭਲਾਈ ਸਬੰਧੀ ਨਿਯਮਤ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸੇਵਾ ਸਬੰਧੀ ਮਸਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਪਬਲਿਕ ਸੇਫਟੀ ਫਰਸਟ ਪਹਿਲਕਦਮੀ ਅਤੇ ਪਿੰਡ ਪੱਧਰੀ ਕਮੇਟੀਆਂ ਰਾਹੀਂ ਕਮਿਊਨਿਟੀ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।

ਮੀਟਿੰਗ ਦੇ ਅੰਤ ਵਿੱਚ SSP ਜਲੰਧਰ ਦਿਹਾਤੀ ਵੱਲੋਂ ਸਮੂਹ ਸੀਨੀਅਰ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਪੁਲਿਸਿੰਗ ਗਤੀਵਿਧੀਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਜਲੰਧਰ ਦਿਹਾਤੀ ਵਿੱਚ ਪ੍ਰਭਾਵਸ਼ਾਲੀ, ਅਨੁਸ਼ਾਸਿਤ, ਪਾਰਦਰਸ਼ੀ ਅਤੇ ਨਤੀਜਾ-ਮੁਖੀ ਪੁਲਿਸਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

Related Articles

Back to top button