ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂ ਵਾਲ, ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਉਰਫ ਮਾਣਾ ਆਦਿ ਦੇ ਹਵਾਲੇ ਨਾਲ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ SGPC ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਨਜੂਰ ਨਾ ਕੀਤਾ ਜਾਵੇ।

ਸ. ਸੁਖਬੀਰ ਸਿੰਘ ਜੀ ਬਾਦਲ ਦੀ ਸਪੁੱਤਰੀ ਦੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਵਾਸਤੇ ਉਚੇਚੇ ਤੌਰ ਤੇ ਪੰਜਾਬ ਆਏ ਸ. ਭੱਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਸਾਡੀ ਬੇਨਤੀ ਹੈ ਕਿ ਅਜੋਕੇ ਹਾਲਾਤਾਂ ਦੇ ਮੱਦੇ ਨਜਰ ਰੱਖਦੇ ਹੋਏ ਸ. ਧਾਮੀ ਦਾ ਅਸਤੀਫ਼ਾ ਮਨਜੂਰ ਨਾ ਕੀਤਾ ਜਾਵੇ ਬਲਕਿ ਅਕਾਲੀ ਲੀਡਰਸ਼ਿਪ ਅਤੇ ਕਮੇਟੀ ਦੇ ਪ੍ਰਬੰਧਕ ਸਾਂਝੇ ਤੌਰ ਤੇ ਸ. ਧਾਮੀ ਦੀ ਰਿਹਾਇਸ਼ ਵਿਖ਼ੇ ਪਹੁੰਚਣ ਅਤੇ ਉਨ੍ਹਾਂ ਦੇ ਗੁੱਸੇ ਗਿਲੇ ਦੂਰ ਕਰਨ ਉਪਰੰਤ ਉਨ੍ਹਾਂ ਨੂੰ ਮਨਾਉਣ। ਫਿਰ ਸਤਿਕਾਰ ਸਾਹਿਤ ਉਨ੍ਹਾਂ ਨੂੰ , ਉਨ੍ਹਾਂ ਦੇ ਅਹੁਦੇ ਉੱਪਰ ਬਣਾਈ ਰੱਖਣ। ਸ. ਭੱਟੀ ਨੇ ਕਿਹਾ ਕਿ ਇਸ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਸਾਖ ਬਹਾਲ ਰਹਿ ਸਕਦੀ ਹੈ, ਵਰਨਾ ਵਿਰੋਧੀ ਸੁਰਾਂ ਅਪਨਾਉਣ ਵਾਲੇ ਫਿਰ ਦੁਬਾਰਾ ਸ਼੍ਰੋਮਣੀ ਕਮੇਟੀ ਤੇ ਹਾਵੀ ਹੋ ਸਕਦੇ ਹਨ।





























