
ਜਲੰਧਰ, ਐਚ ਐਸ ਚਾਵਲਾ। ਜਲੰਧਰ ਜ਼ਿਲ੍ਹੇ ਵਿੱਚ ਅਮਨ-ਚੈਨ ਨੂੰ ਮਜ਼ਬੂਤ ਕਰਨ ਅਤੇ ਸਮਾਜ ਨੂੰ ਨਸ਼ਾ, ਅਪਰਾਧ ਤੇ ਭ੍ਰਿਸ਼ਟਾਚਾਰ ਵਿਰੁਧ ਪੁਲਿਸ ਕਾਰਜਕੁਸ਼ਲਤਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸ਼੍ਰੀ ਨਵੀਨ ਸਿੰਗਲਾ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਦੀ ਅਗਵਾਈ ਹੇਠ ਇਕ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਐਸ ਐਸ ਪੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਸਮੇਤ ਸ਼੍ਰੀ ਸਰਬਜੀਤ ਰਾਏ ਐਸ ਪੀ ਤਫ਼ਤੀਸ਼, ਸ਼੍ਰੀ ਪਰਮਿੰਦਰ ਸਿੰਘ ਹੀਰ ਐਸ ਪੀ ਹੈੱਡ ਕੁਆਟਰ, ਸ਼੍ਰੀਮਤੀ ਮਨਜੀਤ ਕੌਰ ਐਸ ਪੀ ਪੀ ਬੀ ਆਈ, ਜ਼ਿਲ੍ਹੇ ਦੇ ਸਾਰੇ ਡੀ.ਐਸ.ਪੀ., SHO, ਚੋਂਕੀ ਇੰਚਾਰਜ, ਮੱਦ ਇੰਚਾਰਜ ਅਤੇ ਹੋਰ ਕਰਮਚਾਰੀ ਵੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਨਸ਼ਾ ਵਿਰੁੱਧ ਚੱਲ ਰਹੀ ਲੜਾਈ ਦੀ ਸਮੀਖਿਆ ਕਰਨਾ, ਅਪਰਾਧ ਰੋਕਥਾਮ ਲਈ ਨਵੀਂ ਰਣਨੀਤੀ ਤੈਅ ਕਰਨੀ ਅਤੇ ਪੁਲਿਸ ਕਾਰਜਕੁਸ਼ਲਤਾ ਵਿੱਚ ਨਵੇਂ ਜੋਸ਼ ਦਾ ਸੰਚਾਰ ਕਰਨਾ ਸੀ।
ਨਸ਼ਾ ਵਿਰੁੱਧ “ਜ਼ੀਰੋ ਟਾਲਰੈਂਸ” ਨੀਤੀ
ਡੀ.ਆਈ.ਜੀ. ਵਲੋਂ ਨਸ਼ਾ ਤਸਕਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਨਸ਼ਾ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਅਤੇ ਇਸ ਵਿਰੁੱਧ ਪੁਲਿਸ ਦੇ ਨਾਲ ਜਨਤਾ ਦਾ ਸਹਿਯੋਗ ਹਾਸਿਲ ਕਰਨਾ ਜ਼ਰੂਰੀ ਹੈ । ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕਰਨਾ ਚਾਹੀਦਾ ਹੈ ।ਅਪਰਾਧ ਰੋਕਥਾਮ ਤੇ ਕਾਨੂੰਨ ਵਿਵਸਥਾ ਕਤਲ, ਚੋਰੀ, ਲੁੱਟ ਅਤੇ ਗੁੰਡਾਗਰਦੀ ਵਰਗੇ ਅਪਰਾਧਾਂ ਨੂੰ ਲੈ ਕੇ ਚਿੰਤਾ ਜਤਾਈ ਗਈ। ਥਾਣਾ ਮੁੱਖੀਆਂ ਨੂੰ ਰੋਜ਼ਾਨਾ ਗਸ਼ਤ, ਲੋਕਾਂ ਨਾਲ ਸੰਪਰਕ ਅਤੇ ਸ਼ੱਕੀ ਵਿਅਕਤੀਆਂ ‘ਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਗਏ ਤਾਂ ਜੋ ਅਪਰਾਧਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।

ਡੀ.ਆਈ.ਜੀ ਸਾਹਿਬ ਵਲੋਂ ਹਦਾਇਤ ਦਿੱਤੀ ਗਈ ਕਿ ਪੁਲਿਸ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਕਨੀਕੀ ਸਾਧਨਾਂ ਅਤੇ ਨਵੀਨਤਾ ਲਿਆਉਣ ਦੀ ਲੋੜ ਹੈ, ਖੁਫੀਆ ਨੈਟਵਰਕ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਰਿਪੋਰਟਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇ। ਜਨਤਾ ਨਾਲ ਸੰਪਰਕ ਮਜ਼ਬੂਤ ਕਰਨ ਲਈ ਨਸ਼ਾ ਵਿਰੁੱਧ ਲੈਕਚਰਾਂ, ਸਮਾਜਕ ਮੀਟਿੰਗਾਂ ਅਤੇ ਸਕੂਲ-ਕਾਲਜ ਸਤਰ ‘ਤੇ ਜਾਗਰੂਕਤਾ ਕੈਂਪ ਅਤੇ *ਸੰਪਰਕ ਮੀਟਿੰਗਾਂ* ਕੀਤੀਆਂ ਜਾਣ । ਪੁਲਿਸ ਨੂੰ ਸਿਰਫ਼ ਕਾਨੂੰਨ ਲਾਗੂ ਕਰਨ ਵਾਲਾ ਅੰਗ ਨਹੀਂ ਸਗੋਂ ਸਮਾਜ ਦਾ ਸਾਂਝੀਦਾਰ ਦਰਸਾਉਣ ਉੱਤੇ ਜ਼ੋਰ ਦਿੱਤਾ ਗਿਆ।
ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਨੀਤੀ
ਡੀ.ਆਈ.ਜੀ ਸਾਹਿਬ ਵਲੋਂ ਭ੍ਰਿਸ਼ਟਾਚਾਰ ਪ੍ਰਤੀ “ਜ਼ੀਰੋ ਟਾਲਰੈਂਸ” ਨੀਤੀ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਜਨਤਾ ਦਾ ਵਿਸ਼ਵਾਸ ਪੁਲਿਸ ਵਿੱਚ ਮਜ਼ਬੂਤ ਕੀਤਾ ਜਾ ਸਕੇ।

ਅੰਤ ਵਿੱਚ DIG ਸਾਹਿਬ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਕੰਟਰੋਲ ਵਧਾਉਣ, ਲੋਕਾਂ ਦੀਆਂ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਕਰਨ ਅਤੇ ਪੁਲਿਸ ਦੀ ਚੰਗੀ ਛਵੀ ਨੂੰ ਬਣਾਈ ਰੱਖਣ ਲਈ ਸੰਵੇਦਨਸ਼ੀਲਤਾ ਤੇ ਇਮਾਨਦਾਰੀ ਨਾਲ ਕੰਮ ਕਰਨ।





























