
ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ, ਫੋਟੋ/ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ, ਫੇਸਬੁੱਕ ਅਤੇ ਵਟਸਐਪ ’ਤੇ ਅਪਲੋਡ ਕਰਨ ’ਤੇ ਵੀ ਲਗਾਈ ਰੋਕ
ਫੁੱਟਪਾਥਾਂ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ ’ਤੇ ਵੀ ਪਾਬੰਦੀ
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਤੇ ਆਰਮਜ਼ ਰੂਲਜ 2016 ਦੇ ਰੂਲ ਨੰਬਰ 32 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਇਲਾਕੇ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਵਿਅਕਤੀ ਵਲੋਂ ਜਨਤਕ ਥਾਵਾਂ, ਧਾਰਮਿਕ ਥਾਵਾਂ, ਵਿਆਹਾਂ-ਸ਼ਾਦੀਆਂ/ਪਾਰਟੀਆਂ ਦੇ ਮੌਕੇ ’ਤੇ ਮੈਰਿਜ ਪੈਲੇਸਾਂ/ਹੋਟਲਾਂ/ਹਾਲਾਂ ਆਦਿ ਵਿੱਚ ਅਤੇ ਹੋਰ ਇਕੱਠ ਵਾਲੀਆਂ ਥਾਵਾਂ ਵਿੱਚ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਨੂੰ ਪ੍ਰਦਰਸ਼ਨ ਕਰਨ (ਪਬਲਿਕ ਡਿਸਪਲੇਅ) ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਹਿੰਸਾ/ਲੜਾਈਆਂ-ਝਗੜਿਆਂ ਦੀ ਵਡਿਆਈ ਕਰਨ ਵਾਲੇ ਗੀਤਾਂ ਅਤੇ ਹਥਿਆਰਾਂ ਨੂੰ ਲੈ ਕੇ ਫੋਟੋ ਆਦਿ ਖਿਚਵਾ ਕੇ ਜਾਂ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਫੇਸਬੁੱਕ, ਵਟਸਐਪ, ਸਨੈਪਚੈਟ ਅਤੇ ਇੰਸਟਾਗ੍ਰਾਮ ਆਦਿ ’ਤੇ ਅਪਲੋਡ ਨਹੀਂ ਕਰੇਗਾ, ਅਜਿਹਾ ਕਰਨ ’ਤੇ ਪੂਰਨ ਪਾਬੰਦੀ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਵੇਗਾ।
ਕਮਿਸ਼ਨਰ ਪੁਲਿਸ, ਜਲੰਧਰ ਵਲੋਂ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਸੜਕਾਂ ਦੇ ਨਾਲ-ਨਾਲ ਫੁੱਟਪਾਥਾਂ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ, ਦੁਕਾਨਦਾਰਾਂ ਵਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਸੜਕਾਂ ’ਤੇ ਅਤੇ ਫੁੱਟਪਾਥਾਂ ’ਤੇ ਸਮਾਨ ਰੱਖ ਕੇ ਵੇਚਣ ਉਤੇ ਪਾਬੰਦੀ ਲਗਾ ਦਿੱਤੀ ਹੈ। ਉਕਤ ਇਹ ਦੋਵੇਂ ਹੁਕਮ 24.10.2024 ਤੋਂ 23.12.2024 ਤੱਕ ਲਾਗੂ ਰਹਿਣਗੇ।





























