
ਜਲੰਧਰ ਦੀ ਨਾਮਵਰ ਸਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਸ਼੍ਰੀ ਮਹੇਸ਼ ਗੁਪਤਾ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ
ਸਮਾਜ ਭਲਾਈ ਦੇ ਕਾਰਜਾਂ ਵਿੱਚ ਮੋਹਰੀ ਹੋ ਕੇ ਆਪਣਾ ਵਡਮੁੱਲਾ ਸਹਿਯੋਗ ਦੇਣ ਦੇ ਨਾਲ ਨਾਲ ਨਿਭਾਉਂਦੇ ਹਨ ਅਹਿਮ ਭੂਮਿਕਾ
ਜਲੰਧਰ ਕੈਂਟ, (ਐਚ ਐਸ ਚਾਵਲਾ/ਰਮਨ ਜਿੰਦਲ) :- ਪ੍ਰਸਿੱਧ ਸਮਾਜ ਸੇਵਕ ਸ਼੍ਰੀ ਮਹੇਸ਼ ਗੁਪਤਾ ਨੂੰ ਸਰਬਸੰਮਤੀ ਨਾਲ ਦੂਜੀ ਵਾਰ ਇੰਟਰਨੈਸ਼ਨਲ ਅਗਰਵਾਲ ਸੰਮੇਲਨ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਸ਼ਵ ਸਨਾਤਨ ਧਰਮ ਪੰਜਾਬ ਦੇ ਪ੍ਰਧਾਨ ਅਸ਼ਵਨੀ ਸੇਖੜੀ ਨੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।
ਇਸ ਦੌਰਾਨ ਉਨ੍ਹਾਂ ਆਪਣੇ ਸਮਾਜ ਲਈ ਕੰਮ ਕਰਨ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵਿਸ਼ਵ ਸਨਾਤਨ ਧਰਮ ਨਾਲ ਜੋੜਨ ਅਤੇ ਉਨ੍ਹਾਂ ਦੇ ਧਾਰਮਿਕ ਸੱਭਿਆਚਾਰ ਨੂੰ ਵਧਾਉਣ ਬਾਰੇ ਚਰਚਾ ਕੀਤੀ। ਸਾਬਕਾ ਮੰਤਰੀ ਸੇਖੜੀ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਸਮਾਜ ਵਿੱਚ ਰਹਿੰਦੇ ਹਿੰਦੂ ਸਨਾਤਨੀਆਂ ਨੂੰ ਜੋੜਾਂਗੇ ਅਤੇ ਹਰ ਘਰ ਵਿੱਚ ਸ਼੍ਰੀ ਰਾਮ ਦੇ ਨਾਮ ਦਾ ਜਾਪ ਕਰਵਾਵਾਂਗੇ। ਇਸ ਦੌਰਾਨ ਉਨ੍ਹਾਂ ਨਾਲ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ, ਮਹਾਜਨ ਸਭਾ ਪੰਜਾਬ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਅਗਰਵਾਲ ਸੰਮੇਲਨ ਦੇ ਕੌਮੀ ਮੀਤ ਪ੍ਰਧਾਨ ਬੁਦੀਸ਼ ਅਗਰਵਾਲ ਹਾਜ਼ਰ ਸਨ।
ਸ਼੍ਰੀ ਮਹੇਸ਼ ਗੁਪਤਾ ਨੇ ਆਪਣੇ ਨਿਵਾਸ ਸਥਾਨ ‘ਤੇ ਆਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੁਬਾਰਾ ਜ਼ਿੰਮੇਵਾਰੀ ਸੌਂਪਣ ‘ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਨਾਤਨ ਧਰਮ, ਆਪਨੀ ਹਿੰਦੂ ਸੰਸਕ੍ਰਿਤੀ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸਮਰਪਿਤ ਰਹਿਣਗੇ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਨੂੰ ਨਾਲ ਜੋੜ ਕੇ ਆਪਣੇ ਸਨਾਤਨ ਧਰਮ ਨੂੰ ਹੋਰ ਮਜ਼ਬੂਤ ਕਰਨਗੇ।
ਗੌਰਤਲਬ ਹੈ ਕਿ ਸ਼੍ਰੀ ਮਹੇਸ਼ ਗੁਪਤਾ ਜਲੰਧਰ ਦੀ ਨਾਮਵਰ ਸਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਹਨ ਅਤੇ ਪ੍ਰਸਿੱਧ ਸਮਾਜ ਸੇਵਕ ਹੋਣ ਦੇ ਨਾਤੇ ਉਹ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਸਮਾਜ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਮੋਹਰੀ ਹੋ ਕੇ ਆਪਣਾ ਅਹਿਮ ਸਹਿਯੋਗ ਦੇਣ ਦੇ ਨਾਲ ਨਾਲ ਅਹਿਮ ਭੂਮਿਕਾ ਵੀ ਨਿਭਾਉਂਦੇ ਹਨ। ਉਨ੍ਹਾਂ ਦੇ ਦੂਜੀ ਵਾਰ ਇੰਟਰਨੈਸ਼ਨਲ ਅਗਰਵਾਲ ਸੰਮੇਲਨ ਪੰਜਾਬ ਇਕਾਈ ਦੇ ਪ੍ਰਧਾਨ ਬਣਨ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।





























