
ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤੇ ਨੂੰ ਸ਼ਖਤੀ ਨਾਲ ਲਾਗੂ ਕਰਨ ਲਈ ਉਡੱਣ ਦਸਤੇ, ਨਿਗਰਾਨ ਟੀਮਾਂ ਅਤੇ ਆਬਕਾਰੀ ਟੀਮਾਂ ਵੱਲੋਂ ਜਬਤ ਕੀਤੀ ਜਾਣ ਵਾਲੀ ਨਗਦੀ ਅਤੇ ਹੋਰ ਸਮੱਗਰੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ ਚੇਅਰਮੈਨ ਜਦਕਿ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਅਮਨ ਮੈਨੀ ਅਤੇ ਜ਼ਿਲ੍ਹਾ ਖ਼ਜਾਨਾ ਅਫ਼ਸਰ ਮਨਜੀਤ ਕੌਰ ਮੈਂਬਰ ਹੋਣਗੇ।
ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕਮੇਟੀ ਵਲੋਂ ਚੋਣਾਂ ਦੌਰਾਨ ਨਗਦੀ ਅਤੇ ਹੋਰ ਵਸਤੂਆਂ ਨੂੰ ਜਬਤ ਕਰਕੇ ਛੱਡਣ/ਜਾਰੀ ਕਰਨ ਸਬੰਧੀ ਫੈਸਲਾ ਲਿਆ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਕਮੇਟੀ ਪੁਲਿਸ, ਐਸ.ਐਸ.ਟੀ. ਜਾਂ ਏ.ਐਫ.ਟੀ. ਦੁਆਰਾ ਜਬਤ ਕੀਤੇ ਗਏ ਹਰੇਕ ਮਾਮਲੇ ਦੀ ਖੁਦ ਜਾਂਚ ਕਰੇਗੀ ਅਤੇ ਇਹ ਪੁਸ਼ਟੀ ਹੋਣ ’ਤੇ ਕਿ ਜਬਤ ਕੀਤੀ ਗਈ ਸਮੱਗਰੀ ਕਿਸੇ ਰਾਜਨੀਤਿਕ ਦਲ ਜਾਂ ਉਮੀਦਵਾਰ ਨਾਲ ਜੁੜੀ ਹੋਈ ਨਹੀਂ ਹੈ , ਸਮੱਗਰੀ ਨੂੰ ਛੱਡਣ ਸਬੰਧੀ ਆਦੇਸ਼ ਜਾਰੀ ਕਰੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਸਬੰਧਿਤ ਵਿਅਕਤੀ ਵਲੋਂ ਜਬਤ ਕੀਤੀ ਗਈ ਸਮੱਗਰੀ ਨੂੰ ਜਾਇਜ਼ ਬਣਾਉਣ ਵਾਲਾ ਕੋਈ ਸਬੂਤ ਪੇਸ਼ ਕੀਤਾ ਜਾਂਦਾ ਹੈ ਤਾਂ ਕਮੇਟੀ ਇਸ ਤਰ੍ਹਾਂ ਦੀ ਨਗਦੀ ਜਾਂ ਹੋਰ ਜਬਤ ਸਮੱਗਰੀ ਨੂੰ ਉਸ ਨੂੰ ਸੌਂਪਣ ਉਤੇ ਫੈਸਲਾ ਲਏਗੀ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਦ ਰਾਸ਼ੀ ਲੈਕੇ ਜਾਣ ਦੀ ਸੀਮਾ 50,000 ਰੁਪਏ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ 50,000 ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਜਾਣ ਵਾਲੇ ਲੋਕਾਂ ਨੂੰ ਨਿਰਧਾਰਿਤ ਰਾਸ਼ੀ ਤੋਂ ਵੱਧ ਨਗਦੀ ਲੈ ਕੇ ਜਾਣ ਲਈ ਬੈਂਕ ਦੀ ਰਸੀਦ ਜਾਂ ਨਗਦੀ ਦੀ ਪ੍ਰਮਾਣਿਕਤਾ ਸਿੱਧ ਕਰਨ ਵਾਲਾ ਸਬੂਤ ਆਪਣੇ ਕੋਲ ਰੱਖਣਾ ਹੋਵੇਗਾ।





























