
ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਕੀਤੀ ਸ਼ਰਧਾਂਜਲੀ ਭੇਟ, ਜਲੰਧਰ ਪੁੱਜਣ ‘ਤੇ ਵੀ ਹੋਇਆ ਭਰਵਾਂ ਸਵਾਗਤ
ਜਲੰਧਰ, ਐਚ ਐਸ ਚਾਵਲਾ। ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ (Bronze Medal) ਜਿੱਤ ਕੇ ਆਈ ਭਾਰਤੀ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ, ਜਿਥੇ ਉਨ੍ਹਾਂ ਦਾ ਢੋਲ-ਧਮਾਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਸ਼ਮੇਸ਼ ਦਸਤਾਰ ਅਕੈਡਮੀ, ਰਾਮਾ ਮੰਡੀ ਜਲੰਧਰ ਵਲੋਂ ਟੀਮ ਦੇ ਖਿਡਾਰੀਆਂ ਦੇ ਨੀਲੀਆਂ ਦਸਤਾਰਾਂ ਸਜਾਈਆਂ ਗਈਆਂ।


ਸਮੁੱਚੀ ਹਾਕੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। SGPC ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵਲੋਂ ਹਾਕੀ ਖਿਡਾਰੀਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ।


ਗੌਰਤਲਬ ਹੈ ਕਿ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਵਰ੍ਹਦੇ ਮੀਂਹ ‘ਚ ਪੰਜਾਬ ਦੇ ਸ਼ੇਰ ਪੁੱਤਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸਨ। ਜਿਥੇ ਉਹਨਾਂ ਦੇ ਚਾਹੁਣ ਵਾਲਿਆਂ, ਪਰਿਵਾਰਿਕ ਮੈਂਬਰਾਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ।
ਜਲੰਧਰ ਪੁੱਜਣ ‘ਤੇ ਵੀ ਹੋਇਆ ਭਰਵਾਂ ਸਵਾਗਤ


Bronze Medal ਜਿੱਤਣ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਜਲੰਧਰ ਪੁੱਜਣ ਤੇ ਵੀ ਹਾਕੀ ਪ੍ਰੇਮੀਆਂ, ਹਾਕੀ ਪੰਜਾਬ ਦੇ ਅਹੁਦੇਦਾਰਾਂ, ਨਗਰ ਅਤੇ ਪਿੰਡ ਵਾਸੀਆਂ ਵਲੋਂ ਵੀ ਭਰਵਾਂ ਸਵਾਗਤ ਕੀਤਾ। ਓਲੰਪਿਕ ਜੇਤੂ ਹਾਕੀ ਖਿਡਾਰੀਆਂ ‘ਚ ਜਲੰਧਰ ਦੇ ਉਪ ਕਪਤਾਨ ਹਾਰਦਿਕ ਸਿੰਘ ਖੁਸਰੋਪੁਰ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਮਿੱਠਾਪੁਰ ਅਤੇ ਸੁਖਜੀਤ ਸਿੰਘ ਧੰਨੋਵਾਲੀ ਸ਼ਾਮਲ ਹਨ, ਜਿਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।





























