ਅੰਮ੍ਰਿਤਸਰ, (PRIME INDIAN NEWS) :- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਥਾਣਾ ਇਸਲਾਮਾਬਾਦ ਵਿਖੇ ਹੈਂਡ ਗ੍ਰਨੇਡ ਸੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਨਾਰਕੋ ਟੇਰਰ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਇਹ ਮਾਡਿਊਲ ਵਿਦੇਸ਼ਾਂ ਵਿੱਚ ਬੈਠੇ ਆਪਰੇਟਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਦੋਸ਼ੀਆਂ ਨੇ 17 ਦਸੰਬਰ 2024 ਨੂੰ ਗ੍ਰਨੇਡ ਹਮਲਾ ਕੀਤਾ ਸੀ।
ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਗੁਰਜੀਤ ਸਿੰਘ (ਵਾਸੀ ਡਾਂਡੇ, ਅੰਮ੍ਰਿਤਸਰ ਦਿਹਾਤੀ) ਅਤੇ ਬਲਜੀਤ ਸਿੰਘ (ਵਾਸੀ ਚੱਪਾ, ਤਰਨਤਾਰਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਦੋਸ਼ੀ ਨਾ ਸਿਰਫ ਇਸ ਹਮਲੇ ‘ਚ ਸ਼ਾਮਲ ਸਨ, ਸਗੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਦੇਸ਼ ‘ਚ ਅੱਤਵਾਦੀ ਗਤੀਵਿਧੀਆਂ ਨੂੰ ਵੀ ਹੱਲਾਸ਼ੇਰੀ ਦੇ ਰਹੇ ਸਨ।
ਹੁਣ ਤੱਕ ਦੀ ਜਾਂਚ ‘ਚ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ 1.4 ਕਿਲੋ ਹੈਰੋਇਨ, 1 ਹੈਂਡ ਗ੍ਰਨੇਡ ਅਤੇ 2 ਪਿਸਤੌਲ ਬਰਾਮਦ ਕੀਤੇ ਹਨ। ਇਹ ਬਰਾਮਦਗੀ ਨਾਰਕੋ-ਟੇਰਰ ਦੀ ਪ੍ਰਤੱਖ ਉਦਾਹਰਣ ਹੈ, ਜਿਸ ਵਿੱਚ ਭਾਰਤ ਵਿੱਚ ਸੰਗਠਿਤ ਢੰਗ ਨਾਲ ਨਸ਼ਿਆਂ ਅਤੇ ਹਿੰਸਾ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਬੱਬਰ ਖਾਲਸਾ ਇੰਟਰਨੈਸ਼ਨਲ ਕਰਵਾ ਰਿਹਾ ਹੈ ਧਮਾਕੇ
ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਮੁਲਜ਼ਮ ਵਿਦੇਸ਼ ਬੈਠੇ ਆਪ੍ਰੇਟਰਾਂ ਦੀਆਂ ਹਦਾਇਤਾਂ ‘ਤੇ ਕੰਮ ਕਰਦੇ ਸਨ। ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਹੈਪੀ ਪਾਸੀਆਂ, ਸਾਥੀ ਜੀਵਨ ਫੌਜੀ ਅਤੇ ਗੋਪੀ ਨਵਾਂਸ਼ਰੀਆ ਇਸ ਹਮਲੇ ਦੀ ਜ਼ਿੰਮੇਵਾਰੀ ਪਹਿਲਾਂ ਹੀ ਲੈ ਚੁੱਕੇ ਹਨ। ਇਹ ਸੰਚਾਲਕ ਨਾ ਸਿਰਫ਼ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ, ਸਗੋਂ ਇਨ੍ਹਾਂ ਦੀ ਮਦਦ ਨਾਲ ਭਾਰਤ ਵਿੱਚ ਦਹਿਸ਼ਤ ਫੈਲਾਉਣ ਦੀਆਂ ਯੋਜਨਾਵਾਂ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਸੀ।





























