ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਇਸ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਵਿਜੇ ਕੁਮਾਰ ਉਰਫ ਲੱਡੂ ਪੁੱਤਰ ਜਗਦੇਵ ਸਿੰਘ ਵਾਸੀ ਐਚ. 50 ਹਰਦਿਆਲ ਨਗਰ, ਥਾਣਾ ਡਿਵੀਜ਼ਨ ਨੰ: 8, ਜਲੰਧਰ ਇੱਕ ਸ਼ਰੇਆਮ ਅਪਰਾਧੀ ਹੈ ਅਤੇ ਮੋਟਰਸਾਈਕਲ ਚੋਰੀ ਕਰਨ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਮਿਲੀ ਕਿ ਲੱਡੂ ਇੱਕ ਚੋਰੀ ਦਾ ਮੋਟਰਸਾਈਕਲ, ਹੌਂਡਾ ਟਵਿਸਟਰ, ਰੰਗ ਕਾਲਾ, ਨੰਬਰ ਪੀ.ਬੀ.08-ਸੀ.ਸੀ.-2041, ਏਖੜੀ ਪੁਲੀ, ਜਲੰਧਰ ਵਿਖੇ ਵੇਚਣ ਦੀ ਨੀਅਤ ਨਾਲ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਸੀ। ਇਸ ਭਰੋਸੇਮੰਦ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਹਰਕਤ ‘ਚ ਆ ਗਈ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਜੇ ਕੁਮਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 3 ਜਲੰਧਰ ਵਿਖੇ ਐਫਆਈਆਰ ਨੰਬਰ 115, ਮਿਤੀ 05.10.2024, ਅਧੀਨ 303(2), 317(2) ਬੀਐਨਐਸ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ 12 ਕੇਸ ਪੈਂਡਿੰਗ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਸ਼ਹਿਰ ਵਿੱਚੋਂ ਜੁਰਮ ਦੇ ਸਫਾਇਆ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।





























